
ਇਸ ਵਾਰ ਕਿਸਾਨ ਮੇਲੇ ਵਿੱਚ ਪੀਏਯੂ ਵੱਲੋਂ ਤਿਆਰ ਮਿੱਟੀ ਰਹਿਤ ਛੱਤ ਵਾਲਾ ਪੌਸ਼ਟਿਕ ਸਬਜ਼ੀ ਬਗੀਚੀ ਮਾਡਲ...
ਚੰਡੀਗੜ੍ਹ: ਇਸ ਵਾਰ ਕਿਸਾਨ ਮੇਲੇ ਵਿੱਚ ਪੀਏਯੂ ਵੱਲੋਂ ਤਿਆਰ ਮਿੱਟੀ ਰਹਿਤ ਛੱਤ ਵਾਲਾ ਪੌਸ਼ਟਿਕ ਸਬਜ਼ੀ ਬਗੀਚੀ ਮਾਡਲ ਆਕਰਸ਼ਣ ਦਾ ਕੇਂਦਰ ਰਿਹਾ। ਕਿਸਾਨ ਹੀ ਨਹੀਂ ਸ਼ਹਿਰਾਂ ਦੇ ਵਸਨੀਕਾਂ ਨੇ ਵੀ ਇਸ ਮਾਡਲ ਨੂੰ ਦੇਖਣ ਪ੍ਰਤੀ ਵਿਸ਼ੇਸ਼ ਉਤਸ਼ਾਹ ਦਿਖਾਇਆ। ਲੁਧਿਆਣਾ ਤੋਂ ਮੇਲੇ ਵਿੱਚ ਪੁੱਜੇ ਸ੍ਰੀ ਰਮੇਸ਼ ਚੰਦਰ ਨੇ ਕਿਹਾ ਕਿ ਸ਼ਹਿਰੀ ਪਰਿਵਾਰਾਂ ਲਈ ਇਹ ਮਾਡਲ ਸਾਰਾ ਸਾਲ ਤਾਜ਼ੀ ਸਬਜ਼ੀ ਲਈ ਵਰਦਾਨ ਸਾਬਤ ਹੋ ਸਕਦਾ ਹੈ। ਉਹ ਸੰਬੰਧਤ ਵਿਭਾਗ ਨਾਲ ਸੰਪਰਕ ਕਰਕੇ ਅਜਿਹੀ ਬਗੀਚੀ ਆਪਣੀ ਛੱਤ ਤੇ ਤਿਆਰ ਕਰਨਗੇ।
without Soil Farming
ਇਸ ਸੰਬੰਧੀ ਗੱਲ ਕਰਦਿਆਂ ਪੀਏਯੂ ਦੇ ਮਾਹਿਰ ਡਾ. ਕੇ.ਜੀ. ਸਿੰਘ ਨੇ ਦੱਸਿਆ ਕਿ ਇਸ ਬਗੀਚੀ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਬਰਾਬਰ ਦੀ ਦਿਲਚਸਪੀ ਲੈ ਰਹੇ ਹਨ। ਇਸ ਉਤੇ 35,000 ਰੁਪਏ ਲਾਗਤ ਆਉਂਦੀ ਹੈ। ਪੀਏਯੂ ਨੇ ਇਸ ਬਗੀਚੀ ਦੀ ਸਮਗਰੀ ਦੇ ਨਿਰਮਾਣ ਲਈ ਤਿੰਨ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਇਹ ਮਾਡਲ 20 ਵਰਗ ਮੀਟਰ ਦੇ ਕੁੱਲ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ। ਪਰਿਵਾਰ ਦੇ ਆਕਾਰ ਜਾਂ ਲੋੜ ਮੁਤਾਬਕ ਇਹ ਰਕਬਾ ਵਧਾਇਆ ਜਾ ਘਟਾਇਆ ਵੀ ਜਾ ਸਕਦਾ ਹੈ। ਇਸ ਵਿੱਚ ਸਜਾਵਟੀ ਅਤੇ ਦਵਾਈਆਂ ਵਾਲੇ ਪੌਦੇ ਵੀ ਲਗਾਏ ਜਾ ਸਕਦੇ ਹਨ।
without Soil Farming
ਮਿੱਟੀ ਵਿੱਚ ਸਬਜ਼ੀਆਂ ਦੀ ਖੇਤੀ ਦੇ ਮੁਕਾਬਲੇ ਘੱਟ ਜਗ੍ਹਾ ਵਿੱਚ ਲਗਾਏ ਜਾਣ ਦੇ ਬਾਵਜੂਦ ਇਹ ਮਾਡਲ ਵਾਧੂ ਝਾੜ ਪੈਦਾ ਕਰਨ ਦੀ ਯੋਗਤਾ ਰੱਖਦਾ ਹੈ । ਦੋ ਤੋਂ ਚਾਰ ਮੈਂਬਰਾਂ ਦੇ ਪਰਿਵਾਰ ਲਈ ਇਸ ਮਾਡਲ ਤੋਂ ਲੋੜ ਮੁਤਾਬਕ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਯੂਨੀਵਰਸਿਟੀ ਵੱਲੋਂ 10 ਸਬਜ਼ੀਆਂ ਇਸ ਮਾਡਲ ਤਹਿਤ ਸਫ਼ਲਤਾ ਨਾਲ ਪੈਦਾ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਟਮਾਟਰ, ਸ਼ਿਮਲਾ ਮਿਰਚ, ਖੀਰਾ, ਬਰੌਕਲੀ, ਮਟਰ, ਚੀਨੀ ਸਰ੍ਹੋਂ ਪ੍ਰਮੁੱਖ ਹਨ। ਇਸ ਮਾਡਲ ਦੀ ਇਹ ਖਾਸੀਅਤ ਹੈ ਕਿ ਤਾਜ਼ਾ ਸਬਜ਼ੀਆਂ ਸਾਰਾ ਸਾਲ ਆਸਾਨੀ ਨਾਲ ਮਿਲ ਜਾਂਦੀਆਂ ਹਨ।