
ਪੰਜਾਬ ਵਿਚ ਪਿਛਲੇ ਸਾਲ ਦੀ ਨਿਸਬਤ ਇਸ ਸਾਲ ਸਾਉਣੀ ਦੀ ਮੁੱਖ ਫਸਲ ਨਰਮੇ ਹੇਠਲਾ ਰਕਬਾ ਤਕਰੀਬਨ ਇਕ ਲੱਖ ......
ਨਰਮੇ ਦੀ ਬੀਜਾਈ ਵੇਲੇ ਨਹਿਰੀ ਪਾਣੀ ਦੀ ਕਮੀਂ, ਚਿੱਟੇ ਸੋਨੇ ਹੇਠਲਾ ਖੇਤਰਫਲ ਘਟਣ ਦਾ ਮੁੱਖ ਕਾਰਨ
ਪਟਿਆਲਾ, (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿਚ ਪਿਛਲੇ ਸਾਲ ਦੀ ਨਿਸਬਤ ਇਸ ਸਾਲ ਸਾਉਣੀ ਦੀ ਮੁੱਖ ਫਸਲ ਨਰਮੇ ਹੇਠਲਾ ਰਕਬਾ ਤਕਰੀਬਨ ਇਕ ਲੱਖ ਹੈਕਟੇਅਰ ਤੱਕ ਸੁੰਗੜ ਗਿਆ ਹੈ। ਸੂਬਾ ਸਰਕਾਰ ਦੇ ਖੇਤੀਬਾੜੀ੍ਹ ਵਿਭਾਗ ਵਲੋਂ ਮਿੱਥੇ ਗਏ ਟੀਚੇ ਵਾਲੇ ਰਕਬੇ ਵਿਚ ਨਰਮੇ ਦੀ ਖੇਤੀ ਅਧੀਨ ਇਸ ਵਾਰ ਭਾਰੀ ਰਕਬਾ ਘਟ ਗਿਆ ਹੈ। ਮਾਹਰਾਂ ਮੁਤਾਬਕ ਇਸ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਹੈ ਨਰਮਾ ਪੱਟੀ ਵਿਚ ਇਸ ਫਸਲ ਦੇ ਬਿਜਾਈ ਸੀਜ਼ਨ ਅਪ੍ਰੈਲ ਮਹੀਨੇ ਦੇ ਦੂਸਰੇ ਹਫਤੇ ਤੋਂ ਲੈ ਕੇ ਮਈ ਮਹੀਨੇ ਦੇ ਅਖੀਰ ਤੱਕ ਨਹਿਰੀ ਪਾਣੀ ਦਾ ਨਾ ਮਿਲਣਾ।
cotton ਦੂਸਰਾ ਮਾਲਵਾ ਪੱਟੀ ਦੇ ਉਹ ਕਿਸਾਨ ਜਿੰਨ੍ਹਾਂ ਨਰਮੇ ਨੂੰ ਤਿਆਗ ਕੇ ਬਾਸਮਤੀ ਚਾਵਲ ਦੀ ਬਿਜਾਈ ਕੀਤੀ ਉਨ੍ਹਾਂ ਨੂੰ ਨਰਮੇ ਦੀ ਫਸਲ ਦੇ ਮੁਕਾਬਲੇ ਕਿਤੇ ਵਧੇਰੇ ਅਤੇ ਚੰਗੀ ਕੀਮਤ ਦਾ ਮਿਲਣਾ। ਸਾਉਣੀ ਦੀਆਂ ਦੋ ਮੁੱਖ ਫਸਲਾਂ ਨਰਮਾ ਅਤੇ ਬਾਸਮਤੀ ਦੀ ਬਿਜਾਈ ਅਪ੍ਰੈਲ ਤੋਂ ਸਤੰਬਰ ਤੱਕ ਕੀਤੀ ਜਾਂਦੀ ਹੈ। ਨਰਮੇ ਹੇਠਲਾ ਰਕਬਾ ਘਟਣ ਦਾ ਸਾਫ ਅਰਥ ਇਹ ਹੈ ਕਿ ਇਨ੍ਹਾਂ ਥਾਵਾਂ ਤੇ ਹੁਣ ਆਮ ਕਿਸਮਾਂ ਦਾ ਝੋਨਾ ਲਗਾਇਆ ਜਾਵੇਗਾ ਜਿਸ ਦੀ ਬਿਜਾਈ 15 ਜੂਨ ਨੂੰ ਸ਼ੁਰੂ ਹੋ ਰਹੀ ਹੈ ਜਾਂ ਇਹ ਰਕਬਾ ਬਾਸਮਤੀ ਅਧੀਨ ਆ ਜਾਵੇਗਾ ਜਿਸ ਦੀ ਬਿਜਾਈ ਅਕਸਰ ਜੁਲਾਈ ਅਤੇ ਅਗਸਤ ਵਿੱਚ ਕੀਤੀ ਜਾਂਦੀ ਹੈ। ਸੂਬੇ ਦੇ ਖੇਤੀਬਾੜੀ੍ਹ ਵਿਭਾਗ ਦਾ ਟੀਚਾ ਸੀ ਕਿ ਇਸ ਸਾਲ ਚਾਰ ਲੱਖ ਹੈਕਟੇਅਰ ਰਕਬੇ ਤੇ ਨਰਮੇ ਦੀ ਬੀਜਾਈ ਕਰਵਾਉਣੀ ਹੈ ਪਰ 4 ਜੂਨ 2018 ਤੱਕ ਇਸ ਹੇਠਲੀ ਖੇਤੀ ਅਧੀਨ ਸਿਰਫ 2.83 ਲੱਖ ਹੈਕਟੇਅਰ ਰਕਬਾ ਹੀ ਆਇਆ ਜਿਹੜਾ ਮਿੱਥੇ ਖੇਤਰਫਲ ਨਾਲੋਂ ਅਤੇ ਪਿਛਲੇ ਸਾਲ ਹੋਈ ਬੀਜਾਈ ਨਾਲੋਂ 27 ਫੀ ਸਦੀ ਘੱਟ ਹੈ ਜਦ ਕਿ ਪਿਛਲੇ ਸਾਲ ਇਸ ਫਸਲ ਅਧੀਨ ਰਕਬਾ ਤਕਰੀਬਨ 3.82 ਲੱਖ ਹੈਕਟੇਅਰ ਸੀ।
cottonਇਸ ਫਸਲ ਦੀ ਬੀਜਾਈ ਦਾ ਵਧੀਆ ਸਮਾਂ 15 ਅਪ੍ਰੈਲ ਤੋਂ 20 ਮਈ ਮੰਨਿਆ ਜਾਂਦਾ ਰਿਹਾ ਹੈ। ਪੰਜਾਬ ਦੀ ਨਰਮਾ ਬੈਲਟ ਵਿੱਚ ਨਰਮੇ ਦੀ ਖੇਤੀ ਤਕਰੀਬਨ 8 ਜਿਲਿਆਂ ਵਿੱਚ ਕੀਤੀ ਜਾਂਦੀ ਹੈ ਜਿਸ ਵਿੱਚ ਚਾਰ ਮੁੱਖ ਜਿਲੇ ਬਠਿੰਡਾ,ਮਾਨਸਾ,ਮੁਕਤਸ਼ਰ ਸਾਹਿਬ ਅਤੇ ਫਾਜਿਲਕਾ ਤੋਂ ਇਲਾਵਾ ਇਸ ਫਸਲ ਦੀ ਕੁਝ ਟੁੱਟਵੀਂ ਖੇਤੀ ਬਰਨਾਲ,ਮੋਗਾ,ਫਰੀਦਕੋਟ ਅਤੇ ਸੰਗਰੂਰ ਵਿੱਚ ਕੀਤੀ ਜਾਂਦੀ ਹੈ। ਇਸ ਫਸਲ ਦੀ ਖੇਤੀ ਕਰਨ ਵਾਲੇ ਚਾਰ ਮੁੱਖ ਜਿਲਿਆ ਵਿੱਚ ਮਹਿਕਮੇ ਨੇ 3.78 ਲੱਖ ਹੈਕਟੇਅਰ ਰਕਬਾ ਮਿੱਥਿਆ ਸੀ ਪਰ ਇਨ੍ਹਾਂ ਜਿਲਿਆ ਵਿੱਚ ਬੀਜਾਈ ਸਿਰਫ 2.77 ਲੱਖ ਹੈਕਟੇਅਰ ਤੱਕ ਹੀ ਪਹੁੰਚ ਸਕੀ ਹੈ ਜਿਹੜੀ ਮਿੱਥੇ ਟੀਚੇ ਨਾਲੋਂ ਇੱਕ ਲੱਖ ਹੈਕਟੇਅਰ ਘੱਟ ਹੈ। ਮਾਨਸਾ ਜਿਲੇ ਦੇ ਖੈਤੀਬਾੜੀ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਇਸ ਜਿਲੇ ਵਿੱਚ ਇਸ ਸਾਲ 88,500 ਹੈਕਟੇਅਰ ਰਕਬਾ ਦੀ ਬੀਜਾਈ ਦਾ ਟੀਚਾ ਰੱਖਿਆ ਗਿਆ ਸੀ ਪਰ ਇਸ ਫਸਲ ਦੀ ਬੀਜਾਈ ਮੌਕੇ ਲਗਭਗ ਇੱਕ ਮਹੀਨਾ ਨਹਿਰੀ ਪਾਣੀ ਨਾ ਆਉਣ ਕਰਕੇ ਇਸ ਹੇਠਲਾ ਰਕਬਾ ਸਿਰਫ 39,000 ਹੈਕਟੇਅਰ ਤੱਕ ਹੀ ਰਹਿ ਗਿਆ ਜਦ ਕਿ ਪਿਛਲੇ ਸਾਲ ਇਹ 60,000 ਹੈਕਟੇਅਰ ਸੀ।
cottonਇਸੇ ਤਰਾਂ ਦੀਆਂ ਮਿਲਦੀਆਂ ਜੁਲਦੀਆਂ ਘਟਨਾਵਾਂ ਬਠਿੰਡਾ,ਮੁਕਤਸਰ ਅਤੇ ਅਬੋਹਰ ਵਿੱਚ ਵੀ ਵਾਪਰੀਆ ਜਿੱਥੇ ਨਰਮੇ ਹੇਠਲਾ ਰਕਬਾ ਹਰ ਸਾਲ ਤੇਜ਼ ਗਤੀ ਨਾਲ ਸੁੰਗੜਦਾ ਜਾ ਰਿਹਾ ਹੈ। ਸੂਬੇ ਦੇ 8 ਜਿਲਿਆਂ ਵਿੱਚ ਨਰਮੇ ਹੇਠਲੇ ਰਕਬੇ ਵਿੱਚੋਂ ਨਿਕਲੇ ਖੇਤਾਂ ਵਿੱਚ ਕਿਸਾਨ ਆਮ ਝੋਨਾ ਜਾਂ ਬਾਸਮਤੀ ਚਾਵਲ ਦੀ ਖੇਤੀ ਕਰਨ ਨੂੰ ਤਰਜੀਹ ਦੇਣਗੇ ਕਿਉਂਕਿ ਪਿਛਲੇ ਸਾਲ ਨਰਮੇ ਦੀ ਕੀਮਤ 4,000-4,100 ਰੁਪਏ ਪ੍ਰਤੀ ਕਵਿੰਟਲ ਦੇ ਕਰੀਬ ਸੀ ਜਿਹੜੀ ਬਾਦ ਵਿੱਚ 5200 ਰੁਪਏ ਪ੍ਰਤੀ ਕਵਿੰਟਲ ਤੱਕ ਪਹੁੰਚ ਗਈ ਸੀ ਜਦ ਕਿ ਬਾਸਮਤੀ ਝੋਨੇ ਦੀ ਕੀਮਤ 3000 ਤੋਂ 3500 ਰੁਪਏ ਪ੍ਰਤੀ ਕਵਿੰਟਲ ਵਿਚਕਾਰ ਰਹੀ।
cottonਇੱਕ ਏਕੜ ਰਕਬੇ ਵਿੱਚੋਂ ਨਰਮਾ ਤਕਰੀਬਨ 10-12 ਕਵਿੰਟਲ ਨਿਕਲਦਾ ਹੈ ਜਦ ਕਿ ਇੰਨੇ ਖੇਤਰਫਲ ਵਿੱਚੋਂ ਬਾਸਮਤੀ ਚਾਵਲ ਤਕਰੀਬਨ 18-20 ਕਵਿੰਟਲ ਨਿੱਕਲਦਾ ਹੈ। ਜ਼ਿਕਰਯੋਗ ਹੈ ਕਿ 2015 ਵਿੱਚ ਨਰਮੇ ਦੀ ਫਸਲ ਤੇ ਚਿੱਟੇ ਮੱਛਰ ਦੇ ਪ੍ਰਕੋਪ ਕਾਰਨ ਸੂਬੇ ਦੇ ਤਕਰੀਬਨ ਅੱਠ ਜਿਲਿਆ ਵਿੱਚ ਇਸ ਫਸਲ ਹੇਠ ਰਕਬਾ ਹਰ ਸਾਲ ਘਟ ਰਿਹਾ ਹੈ।