ਪੁਰਾਤਨ ਪੰਜਾਬੀ ਕਲਾ ਹੈ ਫੁਲਕਾਰੀ

ਸਪੋਕਸਮੈਨ ਸਮਾਚਾਰ ਸੇਵਾ
Published Aug 20, 2019, 5:00 pm IST
Updated Aug 20, 2019, 5:00 pm IST
ਫੁਲਕਾਰੀ ਇਕ ਅਜਿਹੀ ਲੋਕ ਕਲਾ ਹੈ ਜਿਸ ਨੂੰ ਪੰਜਾਬੀ ਮੁਟਿਆਰਾਂ ਨੇ ਅਪਣੀ ਅਣਥੱਕ ਮਿਹਨਤ ਅਤੇ ਅਨੋਖੀ ਲਗਨ ਨਾਲ ਨਿਖਾਰਿਆ ਹੈ।
Phulkari
 Phulkari

ਫੁੱਲਕਾਰੀ : ਫੁੱਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸ਼ੀਦਾਕਾਰੀ ਲਈ ਵਰਤਿਆ ਜਾਂਦਾ ਹੈ। ਇਸ ਦੇ ਸ਼ਾਬਦਕ ਅਰਥ ਹਨ- ਫੁੱਲ ਕਢਣੇ। ਇਹ ਇਕ ਅਜਿਹੀ ਲੋਕ ਕਲਾ ਹੈ ਜਿਸ ਨੂੰ ਪੰਜਾਬੀ ਮੁਟਿਆਰਾਂ ਨੇ ਅਪਣੀ ਅਣਥੱਕ ਮਿਹਨਤ ਅਤੇ ਅਨੋਖੀ ਲਗਨ ਨਾਲ ਨਿਖਾਰਿਆ ਹੈ। ਇਹ ਉਹ ਸੁੱਚੀ ਅਤੇ ਸੱਚੀ ਲੋਕ-ਕਲਾ ਹੈ ਜਿਸ ਦੇ ਇਕ ਇਕ ਧਾਗੇ ਵਿਚ ਪੰਜਾਬਣਾਂ ਨੇ ਅਪਣੀਆਂ ਭਾਵਨਾਵਾਂ ਨੂੰ ਪ੍ਰੋਇਆ ਹੈ। ਫੁੱਲਕਾਰੀ ਕੱਢਣ ਸਮੇਂ ਰੰਗਾਂ ਦੀ ਚੋਣ ਵੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ। ਪੰਜਾਬਣਾਂ ਵਿਚ ਰੰਗਾਂ ਨੂੰ ਮਿਲਾਉਣ ਦੀ ਕੁਦਰਤੀ ਕਲਾਤਮਕ ਸੂਝ ਹੁੰਦੀ ਹੈ।

PhulkariPhulkari

Advertisement

ਫੁੱਲਕਾਰੀ ਕੱਢਣ ਸਮੇਂ ਧਾਗਾ ਵਧੀਆ ਰੇਸ਼ਮ ਦਾ ਹੁੰਦਾ ਹੈ ਅਤੇ ਕਪੜਾ ਖੱਦਰ ਦਾ ਵਰਤਿਆ ਜਾਂਦਾ ਹੈ। ਇਸ ਦੀ ਕਢਾਈ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ। ਵਣਜਾਰਾ ਬੇਦੀ ਦਾ ਕਹਿਣਾ ਹੈ ਕਿ ਫੁੱਲਕਾਰੀ ਪੰਜਾਂ ਦਰਿਆਵਾਂ ਦੇ ਮੁੜ੍ਹਕੇ ਦੀ ਮਹਿਕ ਹੀ ਨਹੀਂ, ਉਨ੍ਹਾਂ ਦੇ ਨਿਜੀ ਤੇ ਰੰਗੀਲੇ ਸੁਭਾਅ ਦੀ ਛਾਪ ਵੀ ਹੈ। ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਹੀ ਕਮਾਲ ਹੈ ਕਿ ਉਹ ਛੋਟੀ ਜਹੀ ਸੂਈ ਅਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦੇਂਦੀਆਂ ਹਨ। ਜਦੋਂ ਉਹ ਫੁੱਲਕਾਰੀ ਕਢਦੀਆਂ ਹਨ ਤਾਂ ਗੀਤਾਂ ਦੇ ਮਿੱਠੇ ਮਿੱਠੇ ਬੋਲ ਵੀ ਉਚਾਰਦੀਆਂ ਹਨ।

PhulkariPhulkari

ਇੰਜ ਜਾਪਦਾ ਹੈ ਕਿ ਇਨ੍ਹਾਂ ਗੀਤਾਂ ਦੇ ਮਿੱਠੇ ਬੋਲਾਂ ਨਾਲ ਫੁੱਲ-ਬੂਟਿਆਂ ਵਿਚ ਵੀ ਸਦੀਵੀ ਜਾਨ ਪੈ ਜਾਂਦੀ ਹੈ। ਇਨ੍ਹਾਂ ਵਿਚ ਅਨੇਕ ਪ੍ਰਕਾਰ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੰਜਾਬੀ ਮੁਟਿਆਰਾਂ ਫੁੱਲਕਾਰੀ ਕੱਢਣ ਸਮੇਂ ਪ੍ਰਗਟਾਉਂਦੀਆਂ ਹਨ। ਜਿਵੇਂ ਕਿ:ਫੁੱਲਕਾਰੀ ਮੇਰੀ ਰੇਸ਼ਮੀ, ਰੰਗ ਢੁਕਾਏ ਠੀਕ, ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ। ਫੁੱਲਕਾਰੀ ਦੇ ਨਾਲ ਨਾਲ ਰੁਮਾਲਾਂ 'ਤੇ ਵੀ ਅਜਿਹੀ ਕਢਾਈ ਕੱਢੀ ਜਾਂਦੀ ਹੈ। ਬੇਬੇ ਨਾਨਕੀ ਦੇ ਹੱਥਾਂ ਨਾਲ ਕਢਿਆ ਰੁਮਾਲ ਡੇਰਾ ਬਾਬਾ ਨਾਨਕ ਵਿਚ ਸੰਭਾਲਿਆ ਪਿਆ ਹੈ ਜੋ ਅਜਿਹੀ ਕਲਾ ਦਾ ਉੱਤਮ ਨਮੂਨਾ ਹੈ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Advertisement

 

Advertisement
Advertisement