ਇਸ ਪਿੰਡ ਦਾ ਨਾਮ ਹੁਆਂਗਲੂਓ ਯਾਓ ਹੈ ਅਤੇ ਇਸ ਪਿੰਡ ਦੀਆਂ ਔਰਤਾਂ ਦੇ ਵਾਲਾਂ ਦੀ ਚਰਚਾ ਪੂਰੀ ਦੁਨੀਆ ਵਿਚ ਹੁੰਦੀ ਹੈ।
ਨਵੀਂ ਦਿੱਲੀ: ਅੱਜ ਦੇ ਯੁੱਗ ਵਿਚ ਲੜਕੀਆਂ ਆਪਣੇ ਵਾਲਾਂ ਦੀ ਸਿਹਤ ਪ੍ਰਤੀ ਬੇਹੱਦ ਸੁਚੇਤ ਰਹਿੰਦੀਆਂ ਹਨ ਕਿਉਂਕਿ ਵਾਲ ਸਾਡੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹਨ। ਕਈ ਵਾਰ ਕਈ ਕੁੜੀਆਂ ਦੇ ਵਾਲ ਨਾ ਤਾਂ ਸੰਘਣੇ ਹੁੰਦੇ ਹਨ ਅਤੇ ਨਾ ਹੀ ਮਜ਼ਬੂਤ ਹੁੰਦੇ ਹਨ, ਅਜਿਹੇ ਵਿਚ ਉਹ ਕਈ ਤਰ੍ਹਾਂ ਦੇ ਨੁਸਖ਼ੇ ਅਪਣਾਉਂਦੀਆਂ ਹਨ। ਚੀਨ ਦੇ ਇਕ ਪਿੰਡ ਵਿਚ ਔਰਤਾਂ ਦੇ ਵਾਲ 5 ਤੋਂ 7 ਫੁੱਟ ਲੰਬੇ ਹੁੰਦੇ ਹਨ। ਦਰਅਸਲ ਇਸ ਪਿੰਡ ਨੂੰ 'ਦੁਨੀਆਂ ਦੇ ਸਭ ਤੋਂ ਲੰਬੇ ਵਾਲਾਂ ਵਾਲਾ ਪਿੰਡ' ਕਿਹਾ ਜਾਂਦਾ ਹੈ।
ਇਸ ਪਿੰਡ ਦਾ ਨਾਮ ਹੁਆਂਗਲੂਓ ਯਾਓ ਹੈ ਅਤੇ ਇਸ ਪਿੰਡ ਦੀਆਂ ਔਰਤਾਂ ਦੇ ਵਾਲਾਂ ਦੀ ਚਰਚਾ ਪੂਰੀ ਦੁਨੀਆ ਵਿਚ ਹੁੰਦੀ ਹੈ। ਇਸ ਪਿੰਡ ਦਾ ਨਾਂ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ’ ਵਿਚ ਵੀ ਦਰਜ ਹੈ। ਇਹ ਸੁਣ ਕੇ ਕਈ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਅਤੇ ਕਈ ਵਾਰ ਈਰਖਾ ਵੀ ਹੁੰਦੀ ਹੈ ਕਿ ਸਾਡੇ ਵਾਲ ਅਜਿਹੇ ਕਿਉਂ ਨਹੀਂ ਹਨ?
ਜੇਕਰ ਇਹਨਾਂ ਔਰਤਾਂ ਦੇ ਲੰਬੇ ਵਾਲਾਂ ਦੇ ਰਾਜ਼ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਇਥੋਂ ਦੀਆਂ ਔਰਤਾਂ ਜ਼ਿੰਦਗੀ 'ਚ ਸਿਰਫ ਇਕ ਵਾਰ ਹੀ ਵਾਲ ਕਟਵਾਉਂਦੀਆਂ ਹਨ ਪਰ ਸਭ ਤੋਂ ਮੁਸ਼ਕਿਲ ਕੰਮ ਹੈ ਇੰਨੇ ਲੰਬੇ ਵਾਲਾਂ ਨੂੰ ਸੰਭਾਲਣਾ ਅਤੇ ਇਸ ਗੱਲ ਦਾ ਰਾਜ਼ ਕੁਦਰਤ ਵਿਚ ਛੁਪਿਆ ਹੋਇਆ ਹੈ। ਯਾਓ ਪਿੰਡ ਦੀਆਂ ਔਰਤਾਂ ਆਪਣੇ ਵਾਲਾਂ ਨੂੰ ਧੋਣ ਲਈ ਕਿਸੇ ਵੀ ਕੈਮੀਕਲ ਸ਼ੈਂਪੂ ਦੀ ਵਰਤੋਂ ਨਹੀਂ ਕਰਦੀਆਂ ਪਰ ਘਰ ਵਿਚ ਬਣੇ ਕੁਦਰਤੀ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ। ਇਹ ਔਰਤਾਂ ਖਾਸ 'ਹੇਅਰ ਟੌਨਿਕ' ਬਣਾਉਂਦੀਆਂ ਹਨ। ਇਸ ਹੇਅਰ ਟੌਨਿਕ ਵਿਚ ਸਭ ਤੋਂ ਮਹੱਤਵਪੂਰਨ ਚੀਜ਼ ਹੈ ਚੌਲਾਂ ਦਾ ਪਾਣੀ।
ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਚੌਲਾਂ ਦੇ ਪਾਣੀ ਵਿਚ ਕਈ ਚੰਗੇ ਤੱਤ ਹੁੰਦੇ ਹਨ। ਇਹ ਸਾਡੇ ਲਈ ਕਈ ਤਰੀਕਿਆਂ ਨਾਲ ਚੰਗਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਵਾਲਾਂ ਨੂੰ ਬਹੁਤ ਸਿਹਤਮੰਦ ਬਣਾਉਂਦਾ ਹੈ। ਅੱਜ ਸ਼ਾਇਦ ਹੀ ਕੋਈ ਅਜਿਹਾ ਘਰੇਲੂ ਨੁਸਖਾ ਅਜ਼ਮਾਉਂਦਾ ਹੈ ਪਰ ਚੀਨ ਦਾ ਇਹ ਪਿੰਡ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਪੁਰਖਿਆਂ ਦੇ ਘਰੇਲੂ ਉਪਚਾਰ ਕਾਰਗਰ ਹਨ।
ਇਹ ਸੱਚ ਹੈ ਕਿ ਵਾਲਾਂ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਤੁਰੰਤ ਨਤੀਜੇ ਨਹੀਂ ਮਿਲਣਗੇ ਪਰ ਜੇਕਰ ਤੁਸੀਂ ਹੌਲੀ-ਹੌਲੀ ਰਸਾਇਣਕ ਉਤਪਾਦਾਂ ਤੋਂ ਆਰਗੈਨਿਕ ਅਤੇ ਕੁਦਰਤੀ ਉਤਪਾਦਾਂ ਵੱਲ ਵਧਦੇ ਹੋ ਤਾਂ ਕੁਝ ਸਮੇਂ ਵਿਚ ਤੁਹਾਨੂੰ ਆਪਣੇ ਵਾਲਾਂ ਵਿਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਤੁਸੀਂ ਬਹੁਤ ਹੀ ਆਸਾਨ ਤਰੀਕਿਆਂ ਨਾਲ ਆਪਣੇ ਘਰ ਵਿਚ ਵਾਲਾਂ ਦਾ ਤੇਲ ਅਤੇ ਸ਼ੈਂਪੂ ਬਣਾ ਸਕਦੇ ਹੋ।