
ਚੰਡੀਗੜ੍ਹ, 22 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਫ਼ੈਸ਼ਨਏਬਲ ਹੱਥਖੱਡੀ ਕਪੜਿਆਂ ਦੀ ਪ੍ਰਦਰਸ਼ਨੀ ਪਲਾਟ ਨੰਬਰ 4, ਸੈਕਟਰ 28-ਬੀ, ਮਧਿਆ ਮਾਰਗ ਚੰਡੀਗੜ੍ਹ ਸਥਿਤ ਹਿਮਾਚਲ ਭਵਨ 'ਚ ਸ਼ੁਰੂ ਹੋ ਗਈ ਹੈ। ਇਸ ਸਿਲਕ ਫੈਬ ਮੇਲੇ ਦਾ ਉਦਘਾਟਨ ਅੱਜ ਰਸਮੀ ਤੌਰ 'ਤੇ ਹੋ ਗਿਆ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਇਸ ਪ੍ਰਦਰਸ਼ਨੀ ਵਿਚ ਸਿਲਕ ਸਾੜੀਆਂ, ਫ਼ਰਨਿਸਿੰਗ, ਸਲਵਾਰ ਸੂਟ, ਡਰੈਸ ਮਟੀਰੀਅਲਜ਼, ਦੁਪੱਟਾ, ਸਟੋਲਜ਼ ਆਦਿ ਪੇਸ਼ ਕੀਤੇ ਜਾ ਰਹੇ ਹਨ। ਇਸ ਮੌਕੇ ਖ਼ਰੀਦਦਾਰਾਂ ਵਿਚ ਭਾਰੀ ਜੋਸ਼ ਵੇਖਿਆ ਗਿਆ ਤੇ ਲੋਕਾਂ ਦੀ ਭੀੜ ਉਦਘਾਟਨ ਤੋਂ ਪਹਿਲਾਂ ਹੀ ਜੁੜਨੀ ਸ਼ੁਰੂ ਹੋ ਗਈ। ਇਸ ਮੌਕੇ ਪਹਿਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਮੇਲਿਆਂ ਦਾ ਆਯੋਜਨ ਕਰਨਾ ਬੜਾ ਹੀ ਵੱਡਾ ਹੰਭਲਾ ਹੈ ਜਿਸ ਦੇ ਲਈ ਸਾਰੇ ਵਧਾਈ ਦੇ ਪਾਤਰ ਹਨ।
ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਭਾਰਤੀ ਸੰਸਕ੍ਰਿਤੀ ਦੀ ਝਲਕੀ ਪੇਸ਼ ਕਰਦੀਆਂ ਹਨ ਤੇ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ। ਪੱਤਰਕਾਰਾਂ ਨੇ ਪ੍ਰਦਰਸ਼ਨੀ ਦੌਰਾਨ ਘੁੰਮ ਕੇ ਮੌਕਾ ਵੇਖਿਆ ਤਾਂ ਗਾਹਕਾਂ ਦੀਆਂ ਭੀੜਾਂ ਜੁਟੀਆਂ ਹੋਈਆਂ ਸਨ। ਪ੍ਰਬੰਧਕਾਂ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਦਰਸ਼ਨੀ ਵਿਚ ਉੱਚ ਕੁਆਲਟੀ ਦਾ ਮਾਲ ਮਿਲੇਗਾ। ਪ੍ਰਬੰਧਕਾਂ ਨੇ ਦਸਿਆ ਕਿ ਭਾਵੇਂ ਪਿਛਲੇ ਸਾਲ ਨੋਟਬੰਦੀ ਕਾਰਨ ਜ਼ਿਆਦਾ ਗਾਹਕ ਨਹੀਂ ਆਏ ਸਨ ਪਰ ਇਸ ਵਾਰ ਪਹਿਲੇ ਦਿਨ ਤੋਂ ਹੀ ਗਾਹਕਾਂ ਦੀ ਭੀੜ ਜੁੜਨੀ ਪ੍ਰਦਰਸ਼ਨੀ ਲਈ ਸ਼ੁਭ ਸੰਕੇਤ ਹੈ। ਜਦੋਂ ਉਨ੍ਹਾਂ ਤੋਂ ਜੀ ਐਸ ਟੀ ਸਬੰਧੀ ਸਵਾਲ ਪੁਛਿਆ ਤਾਂ ਉਨ੍ਹਾਂ ਮੰਨਿਆ ਕਿ ਇਸ ਬਾਜ਼ਾਰ 'ਤੇ ਅਸਰ ਜ਼ਰੂਰ ਹੈ ਪਰ ਗਾਹਕਾਂ ਨੂੰ ਸ਼ਿਲਕ ਦੇ ਕਪੜੇ ਸਾਲ 'ਚ ਇਕ ਵਾਰ ਖ਼ਰੀਦਣ ਦਾ ਮੌਕਾ ਮਿਲਦਾ ਹੈ ਇਸ ਲਈ ਅਸੀ ਆਸਵੰਦ ਹਾਂ ਕਿ ਗਾਹਕ ਵਧ ਚੜ੍ਹ ਕੇ ਖ਼ਰੀਦਾਰੀ ਕਰਨਗੇ।