
ਪੁਰਾਣੇ ਸਮੇਂ ਵਿਚ ਲੋਕ ਖਾਣਾ ਪਕਾਉਣ ਲਈ ਸਿਰਫ਼ ਮਿੱਟੀ ਅਤੇ ਲੋਹੇ ਦੇ ਭਾਂਡੇ ਵਰਤਦੇ ਸਨ ਪਰ ਸਮੇਂ ਦੇ ਨਾਲ ਨਾਨ-ਸਟਿੱਕ ਭਾਂਡਿਆਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ
ਰਸੋਈ ਦੇ ਭੋਜਨ ਨਾਲ ਪੂਰੇ ਪ੍ਰਵਾਰ ਦੀ ਸਿਹਤ ਜੁੜੀ ਹੁੰਦੀ ਹੈ। ਇਸ ਲਈ ਖਾਣਾ ਬਣਾਉਣ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰਖਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਪ੍ਰਵਾਰ ਦੀ ਸਿਹਤ ਖਾਣਾ ਬਣਾਉਣ ਵਾਲੇ ਬਰਤਨਾਂ ’ਤੇ ਵੀ ਨਿਰਭਰ ਕਰਦੀ ਹੈ। ਇਸ ਗੱਲ ਵਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਕਿ ਤੁਸੀਂ ਕਿਹੜੇ ਭਾਂਡਿਆਂ ਵਿਚ ਖਾਣਾ ਪਕਾ ਰਹੇ ਹੋ।
ਪੁਰਾਣੇ ਸਮੇਂ ਵਿਚ ਲੋਕ ਖਾਣਾ ਪਕਾਉਣ ਲਈ ਸਿਰਫ਼ ਮਿੱਟੀ ਅਤੇ ਲੋਹੇ ਦੇ ਭਾਂਡੇ ਵਰਤਦੇ ਸਨ ਪਰ ਸਮੇਂ ਦੇ ਨਾਲ ਨਾਨ-ਸਟਿੱਕ ਭਾਂਡਿਆਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ। ਪਰ ਲੋਹੇ ਦੇ ਭਾਂਡਿਆਂ ਜਿਵੇਂ ਕੜਾਹੀ ਆਦਿ ਵਿਚ ਖਾਣਾ ਪਕਾਉਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜਦੋਂ ਤੁਸੀਂ ਲੋਹੇ ਦੇ ਭਾਂਡਿਆਂ ਵਿਚ ਭੋਜਨ ਪਕਾਉਂਦੇ ਹੋ ਤਾਂ ਇਹ ਧਾਤ ਦੀ ਸਤਹ ਨਾਲ ਪ੍ਰਤੀਕਿ੍ਰਆ ਕਰਦਾ ਹੈ। ਫਿਰ ਇਸ ਵਿਚੋਂ ਅਜਿਹੇ ਤੱਤ ਬਾਹਰ ਨਿਕਲਦੇ ਹਨ ਜੋ ਅਨੀਮੀਆ ਨਾਲ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ।
ਸਿਹਤ ਲਾਭ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਲੋਹੇ ਦੇ ਭਾਂਡਿਆਂ ਵਿਚ ਖਾਣਾ ਪਕਾਉਣਾ ਇਸ ਲਈ ਵੀ ਪਸੰਦ ਕਰਦੀਆਂ ਹਨ ਕਿਉਂਕਿ ਇਹ ਘੱਟ ਸੇਕ ’ਤੇ ਖਾਣਾ ਬਣਾਉਣ ਲਈ ਸਹੀ ਰਹਿੰਦੇ ਹਨ। ਨਾਲ ਹੀ ਲੋਹੇ ਦੇ ਭਾਂਡੇ ਸਾਰੇ ਪਾਸਿਆਂ ਤੋਂ ਬਰਾਬਰ ਗਰਮ ਹੁੰਦੇ ਹਨ। ਜਦੋਂ ਤੁਸੀਂ ਖਾਣੇ ਨੂੰ ਲੋਹੇ ਦੇ ਭਾਂਡੇ ਵਿਚ ਪਕਾਉਂਦੇ ਹੋ, ਤਾਂ ਇਸ ਦੇ ਅੰਸ਼ ਭੋਜਨ ਵਿਚ ਮਿਲ ਕੇ ਸਰੀਰ ਤਕ ਪਹੁੰਚਦੇ ਹਨ ਜੋ ਖ਼ੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਨਾਲ ਅਨੀਮੀਆ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਅਤੇ ਇਲਾਜ ਕਰਦਾ ਹੈ।
ਲੋਹੇ ਦੇ ਭਾਂਡੇ ਦੇ ਹੋਰ ਫ਼ਾਇਦੇ
- ਇਸ ਵਿਚ ਬਣਿਆ ਖਾਣਾ ਖਾਣ ਨਾਲ ਸਰੀਰ ਵਿਚ ਹੋਣ ਵਾਲੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
- ਇਸ ਨਾਲ ਸਰੀਰਕ ਕਮਜ਼ੋਰੀ ਅਤੇ ਥਕਾਵਟ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
- ਜੇ ਤੁਹਾਨੂੰ ਜੋੜਾਂ ਜਾਂ ਗੋਡਿਆਂ ਵਿਚ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ।
- ਮਹਾਂਮਾਰੀ ਨਾਲ ਜੁੜੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਹਨ।