ਅੱਜ ਦੇ ਸਮੇਂ ਵਿਚ ਮੋਬਾਈਲ ਹਰ ਇਕ ਮਨੁੱਖ ਦੀ ਜ਼ਰੂਰਤ ਬਣ ਗਿਆ ਹੈ। ਇਕ ਆਮ ਦਿਹਾੜੀਦਾਰ ਬੰਦੇ ਤੋਂ ਲੈ ਕੇ ਅਰਬਪਤੀ ਬੰਦੇ ਕੋਲ ਅਪਣੀ ਜ਼ਰੂਰਤ ਦੇ ਹਿਸਾਬ ਨਾਲ ਛੋਟਾ ਜਾਂ...
ਅੱਜ ਦੇ ਸਮੇਂ ਵਿਚ ਮੋਬਾਈਲ ਹਰ ਇਕ ਮਨੁੱਖ ਦੀ ਜ਼ਰੂਰਤ ਬਣ ਗਿਆ ਹੈ। ਇਕ ਆਮ ਦਿਹਾੜੀਦਾਰ ਬੰਦੇ ਤੋਂ ਲੈ ਕੇ ਅਰਬਪਤੀ ਬੰਦੇ ਕੋਲ ਅਪਣੀ ਜ਼ਰੂਰਤ ਦੇ ਹਿਸਾਬ ਨਾਲ ਛੋਟਾ ਜਾਂ ਵੱਡਾ ਮੋਬਾਈਲ ਰਖਿਆ ਹੋਇਆ ਹੈ ਪਰ ਪ੍ਰੇਸ਼ਾਨੀ ਦੀ ਗੱਲ ਇਹ ਹੈ ਜਦੋਂ ਮੋਬਾਈਲ ਛੋਟੇ-ਛੋਟੇ ਬੱਚਿਆਂ ਦੇ ਹੱਥ ਵਿਚ ਹੂੰਦੇ ਹਨ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੰਨੀ ਛੋਟੀ ਉਮਰ ਦਾ ਬੱਚਾ ਜੋ ਹਾਲੇ ਪੜ੍ਹ ਰਿਹਾ ਹੈ, ਉਸ ਨੂੰ ਮੋਬਾਈਲ ਚਲਾਉਣ ਦੀ ਜਾਂਚ ਕਿਸ ਤਰ੍ਹਾਂ ਆ ਗਈ।
ਕੀ ਮੋਬਾਈਲ ਚਲਾਉਣਾ ਬੱਚੇ ਦੇ ਹੁਸ਼ਿਆਰ ਹੋਣ ਦੀ ਨਿਸ਼ਾਨੀ ਹੈ ਜਾਂ ਫੇਰ ਸਿਰਫ਼ ਅਸੀਂ ਮੋਬਾਈਲ ਚਲਾਉਣ ਵਾਲੇ ਬੱਚੇ ਨੂੰ ਹੀ ਹੁਸ਼ਿਆਰ ਕਹਿ ਕੇ ਉਸ ਦਾ ਭਵਿੱਖ ਖ਼ਰਾਬ ਕਰ ਰਹੇ ਹਾਂ। ਜੇਕਰ ਬੱਚਾ ਜ਼ਿਦ ਕਰਦਾ ਹੈ ਤਾਂ ਉਸ ਨੂੰ ਮਾਂ- ਪਿਉ ਮੋਬਾਈਲ ਦੇ ਕੇ ਕਹਿੰਦੇ ਹਨ ਕਿ ਬਾਹਰ ਨਹੀਂ ਜਾਣਾ ਨਹੀਂ ਤਾਂ ਕਪੜੇ ਗੰਦੇ ਹੋ ਜਾਣਗੇ, ਮੋਬਾਈਲ ਚਲਾ ਲਉ ਗੇਮ ਖੇਡ ਲਉ। ਬੱਚੇ ਕੋਲ ਬੈਠ ਕੇ ਹੀ ਕਈ ਮਾਵਾਂ ਖ਼ੁਦ ਹੀ ਗੇਮ ਖੇਡਦੀਆਂ ਹਨ, ਫ਼ੇਸਬੁੱਕ, ਵਟਸਐਪ ਚਲਾਉਂਦੀਆਂ ਹਨ, ਕਈ ਕਈ ਘੰਟੇ ਮੋਬਾਈਲ ਤੇ ਲਗੀਆਂ ਰਹਿੰਦੀਆਂ ਹਨ।
ਇਸ ਉਮਰ ਵਿਚ ਬੱਚਾ ਜੋ ਕੁਝ ਅਪਣੇ ਆਲੇ-ਦੁਆਲੇ ਵਾਪਰਦਾ ਦੇਖਦਾ ਹੈ, ਉਸ ਦੀ ਨਕਲ ਕਰ ਕੇ ਸਿੱਖਣ ਦੀ ਕੋਸ਼ਿਸ ਕਰਦਾ ਹੈ। ਇਸ ਤਰ੍ਹਾਂ ਉਹ ਮੋਬਾਈਲ ਦੀ ਵਰਤੋਂ ਕਰਦਾ ਹੋਇਆ ਮੋਬਾਈਲ ਚਲਾਉਣ ਦੀ ਜਾਂਚ ਸਿੱਖ ਲੈਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਚਨਚੇਤ ਹੀ ਮੋਬਾਈਲ ਬਾਰੇ ਜਾਣਕਾਰੀ ਦੇਣ ਵਾਲੇ ਬੱਚੇ ਨੂੰ ਉਸ ਦੇ ਮਾਂ-ਪਿਉ ਹੀ ਹੁੰਦੇ ਹਨ। ਅਜਕਲ ਅਸੀਂ ਆਮ ਹੀ ਦੇਖਦੇ ਹਾਂ ਕਿ ਨਿੱਕੇ-ਨਿੱਕੇ ਬੱਚਿਆਂ ਦੇ ਵੱਡੇ-ਵੱਡੇ ਚਸ਼ਮੇ ਲੱਗੇ ਹੁੰਦੇ ਹਨ। ਇਸ ਪਿੱਛੇ ਮੋਬਾਈਲ ਵੀ ਇਕ ਕਾਰਨ ਹੈ।
ਇਸ ਤੋਂ ਇਲਾਵਾ ਕਈ ਬੱਚੇ ਮੋਬਾਈਲ ਤੇ ਇੰਟਰਨੈੱਟ ਵੀ ਚਲਾਉਂਦੇ ਹਨ, ਜਿਸ ਕਾਰਨ ਜਵਾਨੀ ਤੋਂ ਪਹਿਲਾਂ ਹੀ ਉਨ੍ਹਾਂ ਚੀਜ਼ਾਂ ਵਲ ਆਕਰਸ਼ਿਤ ਹੋ ਜਾਂਦੇ ਹਨ, ਜੋ ਕਿ ਬਚਪਨ 'ਚ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਤੌਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਦਾ ਕਾਰਨ ਮੋਬਾਈਲ ਹੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬੱਚੇ ਛੋਟੀ ਉਮਰ ਵਿਚ ਹੀ ਗਲਤ ਰਾਹ ਤੇ ਪੈ ਕੇ ਅਪਣੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ।