
22 ਹਜ਼ਾਰ ਲੋਕਾਂ ’ਤੇ ਕੀਤੀ ਖੋਜ ’ਚ ਨਿਕਲਿਆ ਸਿੱਟਾ
ਨਵੀਂ ਦਿੱਲੀ: ਰੋਜ਼ਾਨਾ ਜੀਵਨ ’ਚ ਜੇਕਰ ਤੁਸੀਂ ਸਿਰਫ਼ 4-5 ਮਿੰਟ ਦੀ ਸਖ਼ਤ ਮਿਹਨਤ ਵਾਲਾ ਕੰਮ ਕਰਦੇ ਹੋ, ਜਿਸ ਨਾਲ ਤੁਹਾਨੂੰ ਪਸੀਨਾ ਆਉਂਦਾ ਹੈ ਅਤੇ ਸਾਹ ਆ ਜਾਂਦਾ ਹੈ , ਤਾਂ ਕੈਂਸਰ ਹੋਣ ਦਾ ਖ਼ਤਰਾ 32 ਫ਼ੀ ਸਦੀ ਤਕ ਘੱਟ ਜਾਂਦਾ ਹੈ। ਇਹ ਗੱਲ ਇਕ ਅਧਿਐਨ ’ਚ ਕਹੀ ਗਈ ਹੈ। ਜਾਮਾ ਓਨਕੋਲੋਜੀ ’ਚ ਪ੍ਰਕਾਸ਼ਤ ਇਸ ਅਧਿਐਨ ’ਚ 22,000 ਲੋਕਾਂ ਦੀਆਂ ਰੋਜ਼ਾਨਾ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਉਨ੍ਹਾਂ ਦੇ ਸਰੀਰ ’ਤੇ ਵਿਸ਼ੇਸ਼ ਉਪਕਰਨ ਲਾਏ ਗਏ ਅਤੇ ਜ਼ਰੂਰੀ ਅੰਕੜੇ ਇਕੱਠੇ ਕੀਤੇ ਗਏ ਜੋ ਸਖ਼ਤ ਕਸਰਤ ਨਹੀਂ ਕਰਦੇ ਹਨ।
ਆਸਟ੍ਰੇਲੀਆ ਦੀ ਸਿਡਨੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੈਂਸਰ ’ਤੇ ਨਜ਼ਰ ਰੱਖਣ ਲਈ ਲਗਪਗ ਸੱਤ ਸਾਲਾਂ ਤਕ ਇਸ ਸਮੂਹ ਦੇ ਸਿਹਤ ਰੀਕਾਰਡਾਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਦੀ ਜੀਵਨਸ਼ੈਲੀ ਵਿਚ ਚਾਰ ਜਾਂ ਪੰਜ ਮਿੰਟ ਦੀ ਜ਼ੋਰਦਾਰ ਸਰੀਰਕ ਗਤੀਵਿਧੀ ਹੁੰਦੀ ਹੈ, ਉਨ੍ਹਾਂ ਵਿਚ ਕੈਂਸਰ ਦਾ ਖ਼ਤਰਾ ਉਨ੍ਹਾਂ ਲੋਕਾਂ ਨਾਲੋਂ ਘੱਟ ਹੁੰਦਾ ਹੈ ਜੋ ‘ਸਖ਼ਤ ਮਿਹਨਤ’ ਨਹੀਂ ਕਰਦੇ ਸਨ।
ਪਸੀਨਾ ਵਹਾ ਦੇਣ ਵਾਲੀਆਂ ਕੁਝ ਮਿੰਟਾਂ ਦੀਆਂ ਗਤੀਵਿਧੀਆਂ ’ਚ ਸਖ਼ਤ ਮਿਹਨਤ ਵਾਲਾ ਘਰੇਲੂ ਕੰਮ, ਕਰਿਆਨੇ ਦੀ ਦੁਕਾਨ ’ਤੇ ਭਾਰੀ ਸਾਮਾਨ ਦੀ ਖਰੀਦਦਾਰੀ, ਤੇਜ਼ ਚੱਲਣਾ, ਬੱਚਿਆਂ ਨਾਲ ਥਕਾ ਦੇਣ ਵਾਲੇ ਖੇਡ ਖੇਡਣਾ ਆਦਿ ਸ਼ਾਮਲ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੋ ਬਾਲਗ ਇਸ ਤਰ੍ਹਾਂ ਦੇ ਪਸੀਨੇ ਵਾਲਾ ਕੰਮ ਨਹੀਂ ਕਰਦੇ ਹਨ, ਉਨ੍ਹਾਂ ਨੂੰ ਛਾਤੀ, ਕੋਲਨ ਵਰਗੇ ਅੰਗਾਂ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਇਸ ਅਧਿਐਨ ਦੇ ਲੇਖਕ ਪ੍ਰੋਫੈਸਰ ਇਮੈਨੁਅਲ ਸਟੈਮਾਟਾਕਿਸ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਅਧਖੜ-ਉਮਰ ਦੇ ਲੋਕ ਨਿਯਮਿਤ ਤੌਰ ’ਤੇ ਕਸਰਤ ਨਹੀਂ ਕਰਦੇ, ਜਿਸ ਨਾਲ ਉਨ੍ਹਾਂ ’ਚ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ, ਪਰ ਗਤੀਵਿਧੀ ਟ੍ਰੈਕਰਸ ਵਰਗੇ ਪਹਿਨਣਯੋਗ ਉਪਕਰਨਾਂ ਦੇ ਆਗਮਨ ਨਾਲ, ਅਸੀਂ ਉਨ੍ਹਾਂ ਦੀ ਰੋਜ਼ਾਨਾ ਵਰਤੋਂ ਕਰਨ ਦੇ ਯੋਗ ਹੋ ਗਏ ਹਾਂ। ਮੈਂ ਅਚਾਨਕ ਕੀਤੀ ਜਾਣ ਵਾਲੀ ਮਿਹਨਤ ਬਾਬਤ ਗਤੀਵਿਧੀਆਂ ਦੇ ਅਸਰ ਨੂੰ ਵੇਖ ਸਕਿਆ।’’ ਉਨ੍ਹਾਂ ਕਿਹਾ, ‘‘ਇਹ ਵੇਖਣਾ ਬਹੁਤ ਵਧੀਆ ਹੈ ਕਿ ਰੋਜ਼ਾਨਾ ਜੀਵਨ ’ਚ ਸਿਰਫ਼ ਚਾਰ ਜਾਂ ਪੰਜ ਮਿੰਟ ਦੀ ਸਖ਼ਤ ਮਿਹਨਤ ਅਤੇ ਕੈਂਸਰ ਦੇ ਘੱਟ ਜੋਖਮ ’ਚ ਇਕ ਸਬੰਧ ਹੈ।’’