
ਇਕ ਅਨੁਮਾਨ ਮੁਤਾਬਕ ਦੇਸ਼ ਵਿਚ 40 ਕਰੋੜ ਮੋਬਾਈਲ ਫ਼ੋਨ ਉਪਭੋਗਤਾਵਾਂ ਕੋਲ ਆਮ ਫੀਚਰ ਫ਼ੋਨ ਹਨ।
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੰਗਲਵਾਰ ਨੂੰ ਇਕ ਨਵੀਂ ਸੇਵਾ ਸ਼ੁਰੂ ਕੀਤੀ ਜਿਸ ਦੇ ਜ਼ਰੀਏ 40 ਕਰੋੜ ਤੋਂ ਵੱਧ ਫੀਚਰ ਫੋਨ ਜਾਂ ਆਮ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਸੁਰੱਖਿਅਤ ਢੰਗ ਨਾਲ ਡਿਜੀਟਲ ਭੁਗਤਾਨ ਕਰਨ ਦੇ ਯੋਗ ਬਣਾਏਗੀ। ਜਿਨ੍ਹਾਂ ਲੋਕਾਂ ਕੋਲ ਇੰਟਰਨੈੱਟ ਕਨੈਕਸ਼ਨ ਨਹੀਂ ਹੈ, ਉਹ UPI '123pay' ਨਾਂਅ ਦੀ ਇਸ ਸੇਵਾ ਰਾਹੀਂ ਡਿਜੀਟਲ ਭੁਗਤਾਨ ਕਰ ਸਕਦੇ ਹਨ ਅਤੇ ਇਹ ਸੇਵਾ ਆਮ ਫ਼ੋਨਾਂ 'ਤੇ ਕੰਮ ਕਰੇਗੀ।
RBI to issue varnished notes of 100 rupees soon
ਦਾਸ ਨੇ ਕਿਹਾ ਕਿ ਹੁਣ ਤੱਕ ਯੂਪੀਆਈ ਦੀਆਂ ਸੇਵਾਵਾਂ ਮੁੱਖ ਤੌਰ 'ਤੇ ਸਮਾਰਟਫ਼ੋਨਾਂ 'ਤੇ ਉਪਲਬਧ ਹਨ, ਜਿਸ ਕਾਰਨ ਸਮਾਜ ਦੇ ਹੇਠਲੇ ਤਬਕੇ ਦੇ ਲੋਕ ਇਹਨਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਖਾਸ ਤੌਰ 'ਤੇ ਪੇਂਡੂ ਖੇਤਰਾਂ ਵਿਚ ਅਜਿਹਾ ਹੈ। ਉਹਨਾਂ ਕਿਹਾ ਕਿ ਵਿੱਤੀ ਸਾਲ 2021-22 ਵਿਚ ਹੁਣ ਤੱਕ ਯੂਪੀਆਈ ਲੈਣ-ਦੇਣ ਪਿਛਲੇ ਵਿੱਤੀ ਸਾਲ ਵਿਚ 41 ਲੱਖ ਕਰੋੜ ਰੁਪਏ ਦੇ ਮੁਕਾਬਲੇ 76 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਕੁੱਲ ਲੈਣ-ਦੇਣ ਦਾ ਅੰਕੜਾ 100 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਇਕ ਅਨੁਮਾਨ ਮੁਤਾਬਕ ਦੇਸ਼ ਵਿਚ 40 ਕਰੋੜ ਮੋਬਾਈਲ ਫ਼ੋਨ ਉਪਭੋਗਤਾਵਾਂ ਕੋਲ ਆਮ ਫੀਚਰ ਫ਼ੋਨ ਹਨ। ਡਿਪਟੀ ਗਵਰਨਰ ਟੀ ਰਵੀ ਸ਼ੰਕਰ ਨੇ ਕਿਹਾ ਕਿ ਇਸ ਸਮੇਂ ਯੂਪੀਆਈ ਸੇਵਾਵਾਂ ਯੂਐਸਐਸਡੀ-ਅਧਾਰਿਤ ਸੇਵਾਵਾਂ ਜ਼ਰੀਏ ਅਜਿਹੇ ਯੂਜ਼ਰਸ ਲਈ ਉਪਲਬਧ ਹਨ ਪਰ ਇਹ ਕਾਫ਼ੀ ਮੁਸ਼ਕਲ ਹੈ ਅਤੇ ਸਾਰੇ ਮੋਬਾਈਲ ਆਪਰੇਟਰ ਅਜਿਹੀਆਂ ਸੇਵਾਵਾਂ ਦੀ ਆਗਿਆ ਨਹੀਂ ਦਿੰਦੇ ਹਨ।
ਆਰਬੀਆਈ ਨੇ ਕਿਹਾ ਕਿ ਫੀਚਰ ਫੋਨ ਉਪਭੋਗਤਾ ਹੁਣ ਚਾਰ ਤਕਨੀਕੀ ਵਿਕਲਪਾਂ ਦੇ ਆਧਾਰ 'ਤੇ ਕਈ ਤਰ੍ਹਾਂ ਦੇ ਲੈਣ-ਦੇਣ ਕਰ ਸਕਦੇ ਹਨ। ਇਹਨਾਂ ਵਿਚ 1) ਕਾਲਿੰਗ IVR (ਇੰਟਰਐਕਟਿਵ ਵਾਇਸ ਰਿਸਪਾਂਸ) ਨੰਬਰ, 2) ਫੀਚਰ ਫੋਨਾਂ ਵਿਚ ਐਪ ਕਾਰਜਕੁਸ਼ਲਤਾ, 3) ਮਿਸਡ ਕਾਲ ਅਧਾਰਤ ਵਿਧੀ ਅਤੇ 4) ਨੇੜਤਾ ਵਾਇਸ ਅਧਾਰਤ ਭੁਗਤਾਨ ਸ਼ਾਮਲ ਹਨ। ਇਸ ਸੇਵਾ ਦੇ ਜ਼ਰੀਏ ਉਪਭੋਗਤਾ ਦੋਸਤਾਂ ਅਤੇ ਪਰਿਵਾਰ ਨੂੰ ਪੈਸੇ ਭੇਜ ਸਕਦੇ ਹਨ, ਵੱਖ-ਵੱਖ ਉਪਯੋਗਤਾ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ ਅਤੇ ਵਾਹਨਾਂ ਦਾ ਫਾਸਟੈਗ ਰੀਚਾਰਜ ਕਰਨ ਅਤੇ ਮੋਬਾਈਲ ਬਿੱਲਾਂ ਦਾ ਭੁਗਤਾਨ ਕਰਨ ਦੀ ਸਹੂਲਤ ਵੀ ਪ੍ਰਾਪਤ ਕਰਨਗੇ।
ਦਾਸ ਨੇ ਮੰਗਲਵਾਰ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਵਿਕਸਤ ਡਿਜੀਟਲ ਭੁਗਤਾਨਾਂ ਲਈ ਇਕ ਹੈਲਪਲਾਈਨ ਵੀ ਲਾਂਚ ਕੀਤੀ। ‘ਡਿਜੀਸਾਥੀ’ ਨਾਂਅ ਦੀ ਇਸ ਹੈਲਪਲਾਈਨ ਦਾ ਲਾਭ ਵੈੱਬਸਾਈਟ - 'dijisathi.com' ਅਤੇ ਫ਼ੋਨ ਨੰਬਰਾਂ - '14431' ਅਤੇ '1800 891 3333' ਰਾਹੀਂ ਲਿਆ ਜਾ ਸਕਦਾ ਹੈ।