
Chandrayaan 2 ਮਿਸ਼ਨ ਡਾਟਾ ਅਧਿਐਨ ਨਾਲ ਵਿਗਿਆਨੀਆਂ ਨੂੰ ਨਵੀਂਆਂ-ਨਵੀਂਆਂ ਜਾਣਕਾਰੀਆਂ...
ਨਵੀਂ ਦਿੱਲੀ: Chandrayaan 2 ਮਿਸ਼ਨ ਡਾਟਾ ਅਧਿਐਨ ਨਾਲ ਵਿਗਿਆਨੀਆਂ ਨੂੰ ਨਵੀਂਆਂ-ਨਵੀਂਆਂ ਜਾਣਕਾਰੀਆਂ ਮਿਲ ਰਹੀਆਂ ਹਨ। ਅਜਿਹੀ ਹੀ ਇਕ ਜਾਣਕਾਰੀ ਚੰਦਰਯਾਨ-2 ਦੇ ਆਰਬਿਟਰ ਦੀ ਹੈ। ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਵਿਗਿਆਨੀਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਆਰਬਿਟਰ ਚੰਗਾ ਕੰਮ ਕਰ ਰਿਹਾ ਹੈ ਤੇ ਸੰਪਰਕ 'ਚ ਹੈ। ਉਹ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਚੰਦਰਮਾ ਦੀ ਪਰਿਕਰਮਾ ਕਰ ਰਿਹਾ ਹੈ। ਆਰਬਿਟਰ ਨੇ ਐਤਵਾਰ ਨੂੰ ਇਸਰੋ ਨੂੰ ਦੋ ਖ਼ੁਸ਼ਖ਼ਬਰੀਆਂ ਦਿੱਤੀਆਂ। ਪਹਿਲੀ ਉਸ ਨੇ ਧਰਮਲ ਤਸਵੀਰਾਂ ਜ਼ਰੀਏ ਲਾਪਤਾ ਲੈਂਡਰ ਦਾ ਪਤਾ ਲਗਾ ਲਿਆ ਹੈ।
ISRO chief: K Sivan
ਦੂਸਰਾ ਇਹ ਕਿ ਆਰਬਿਟਰ, ਲੈਂਡਰ ਦੀ ਕਮੀ ਨੂੰ ਕਾਫ਼ੀ ਹੱਦ ਤਕ ਪੂਰਾ ਕਰੇਗਾ। ਚੰਦਰਯਾਨ-2 ਮਿਸ਼ਨ ਲਈ ਇਹ ਵੱਡੀ ਖ਼ੁਸ਼ਖ਼ਬਰੀ ਹੈ ਕਿ ਆਰਬਿਟਰ ਹੁਣ 1 ਸਾਲ ਦੀ ਬਜਾਏ 7 ਸਾਲ ਤੋਂ ਜ਼ਿਆਦਾ ਤਕ ਕੰਮ ਕਰੇਗਾ। ਇਹ ਵੀ ਇਸਰੋ ਦੇ ਵਿਗਿਆਨੀਆਂ ਲਈ ਵੱਡੀ ਉਪਲਬਧੀ ਹੈ। ਦਰਅਸਲ ਵਿਗਿਆਨੀਆਂ ਨੇ ਪੂਰੇ ਮਿਸ਼ਨ 'ਚ ਆਰਬਿਟਰ ਨੂੰ ਇਸ ਤਰ੍ਹਾਂ ਨਾਲ ਕੰਟਰੋਲ ਕੀਤਾ ਹੈ ਕਿ ਉਸ 'ਚ ਉਮੀਦ ਤੋਂ ਜ਼ਿਆਦਾ ਈਧਨ ਬਚਿਆ ਹੋਇਆ ਹੈ। ਇਸ ਦੀ ਮਦਦ ਨਾਲ ਆਰਬਿਟਰ 7 ਸਾਲ ਤੋਂ ਜ਼ਿਆਦਾ ਸਮਾਂ ਤਕ, ਤਕਰੀਬਨ 7.5 ਸਾਲ ਚੰਦਰ ਦੇ ਚੱਕਰ ਲਗਾ ਸਕਦਾ ਹੈ। ਇਹ ਜਾਣਕਾਰੀ ਇਸਰੋ ਪ੍ਰਮੁੱਖ ਕੇ. ਸਿਵਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ ਹੈ।
ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼
ਫਿਲਹਾਲ ਇਸਰੋ ਦਾ ਪੂਰਾ ਫੋਕਸ ਚੰਦਰਮਾ ਦੀ ਦੱਖਣੀ ਧਰੁਵ 'ਤੇ ਉਤਰੇ ਲੈਂਡਰ ਵਿਕਰਮ ਨਾਲ ਮੁੜ ਸੰਪਰਕ ਬਣਾਉਣ 'ਤੇ ਹੈ। ਦਰਅਸ਼ਲ ਲੈਂਡਰ ਨੂੰ ਇਕ ਲੂਨਰ ਡੇਅ (ਧਰਤੀ ਦੇ 14 ਦਿਨ) ਤਕ ਖੋਜ ਕਰਨ ਲਈ ਹੀ ਬਣਾਇਆ ਗਿਆ ਹੈ। ਇਸ ਦੌਰਾਨ ਉਸ ਨਾਲ ਮੁੜ ਸੰਪਰਕ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਤੋਂ ਬਾਅਦ ਵੀ ਲੈਂਡਰ ਨਾਲ ਸੰਪਰਕ ਸਥਾਪਿਤ ਹੋ ਸਕਦਾ ਹੈ, ਪਰ ਉਸ ਦੀ ਸੰਭਾਵਨਾ ਬਹੁਤ ਘੱਟ ਹੈ।