
ਚੀਨ ਮਨੋਰੰਜਨ, ਆਵਾਜਾਈ ਅਤੇ ਸਿਹਤ ਸੇਵਾ ਨਾਲ ਜੁੜੇ ਸੈਕਟਰਾਂ ਵਿਚ 5ਜੀ ਨੈੱਟਵਰਕ ਨੂੰ ਵਿਸਥਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ
ਬੀਜਿੰਗ : ਮੈਡੀਕਲ ਦੀ ਦੁਨੀਆ ਵਿਚ ਹੁਣ ਤਕਨਾਲੋਜੀ ਕਾਫ਼ੀ ਮਦਦਗਾਰ ਸਾਬਤ ਹੋ ਰਹੀ ਹੈ। ਇਸ ਦੀ ਤਾਜ਼ਾ ਉਦਾਹਰਣ ਚੀਨ ਵਿਚ ਵੇਖਣ ਨੂੰ ਮਿਲੀ। ਚੀਨ ਵਿਚ ਮਾਹਰਾਂ ਨੇ 5ਜੀ ਨੈੱਟਵਰਕ ਦੀ ਮਦਦ ਨਾਲ 200 ਕਿਲੋਮੀਟਰ ਦੂਰ ਬੈਠੇ ਡਾਕਟਰਾਂ ਨੂੰ ਨਿਰਦੇਸ਼ ਦਿੰਦੇ ਹੋਏ ਗਾਲ ਬਲੈਡਰ ਦੀ ਸਰਜਰੀ ਵਿਚ ਸਫ਼ਲਤਾ ਹਾਸਲ ਕੀਤੀ। ਚੀਨ ਵਿਚ 5ਜੀ ਨੈੱਟਵਰਕ ਸੰਚਾਲਨ ਦਾ ਲਾਈਸੈਂਸ ਹਾਸਲ ਕਰ ਚੁੱਕੀ ਕੰਪਨੀ ਚਾਈਨਾ ਮੋਬਾਈਲ ਨੇ ਦਸਿਆ ਕਿ ਪਿਛਲੇ ਹਫ਼ਤੇ ਉੱਤਰੀ ਚੀਨ ਦੇ ਹੁਬੇਈ ਸੂਬੇ ਵਿਚ ਲਗਭਗ ਇਕ ਘੰਟੇ ਵਿਚ ਲੇਪ੍ਰੋਸਕੋਪਿਕ ਕੋਲੇਸਿਸਟੇਕਟੋਮੀ ਨਾਮ ਦੀ ਸਰਜਰੀ ਕੀਤੀ ਗਈ।
Surgeons perform operation using 5G technology in China
ਇਸ ਦੌਰਾਨ ਪੂਰੀ ਵਿਵਸਥਾ ਨੂੰ 5ਜੀ ਨੈੱਟਵਰਕ ਨਾਲ ਜੋੜਿਆ ਗਿਆ ਸੀ। ਤਾਹੇ ਹਸਪਤਾਲ ਦੀ ਸ਼ੇਨੋਂਗਜੀਆ ਸਥਿਤ ਸ਼ਾਖਾ ਵਿਚ ਸਰਜਰੀ ਕੀਤੀ ਗਈ। ਉੱਥੋਂ ਇਸ ਦਾ ਲਾਈਵ ਪ੍ਰਸਾਰਣ ਸ਼ਿਆਨ ਸ਼ਹਿਰ ਸਥਿਤ ਬ੍ਰਾਂਚ ਵਿਚ ਬੈਠੇ ਮਾਹਰਾਂ ਕੋਲ ਭੇਜਿਆ ਜਾ ਰਿਹਾ ਸੀ। 5ਜੀ ਤਕਨਾਲੋਜੀ ਦੀ ਤੇਜ਼ ਗਤੀ ਦੀ ਮਦਦ ਨਾਲ ਦੋਵੇਂ ਪਾਸੇ ਦੇ ਡਾਕਟਰ ਇਕ-ਦੂਜੇ ਨਾਲ ਬਿਨਾਂ ਕਿਸੇ ਰੁਕਾਵਟ ਦੇ ਸੰਪਰਕ ਵਿਚ ਬਣੇ ਰਹੇ।
Surgeons perform operation using 5G technology in China
ਚਾਈਨਾ ਮੋਬਾਈਲ ਦੇ ਅਧਿਕਾਰੀ ਗੁਈ ਕਨਪੇਂਗ ਨੇ ਕਿਹਾ, ''5ਜੀ ਤਕਨਾਲੋਜੀ ਵਿਚ ਬਿਨਾਂ ਰੁਕਾਵਟ ਤਸਵੀਰ ਅਤੇ ਵੀਡੀਓ ਦਾ ਲੈਣ-ਦੇਣ ਯਕੀਨੀ ਹੁੰਦਾ ਹੈ। ਇਸ ਦੀ ਮਦਦ ਨਾਲ ਕਿਸੇ ਮੁਸ਼ਕਲ ਆਪਰੇਸ਼ਨ ਦੀ ਸਥਿਤੀ ਵਿਚ ਦੂਰ ਬੈਠੇ ਹੋਏ ਡਾਕਟਰ ਨਾਲ ਮਿਲ ਕੇ ਅਪਣੀ ਰਾਏ ਦੀ ਵਰਤੋਂ ਕੀਤੀ ਜਾ ਸਕਦੀ ਹੈ।''
Surgeons perform operation using 5G technology in China
ਹੁਣ ਚੀਨ ਮਨੋਰੰਜਨ, ਆਵਾਜਾਈ ਅਤੇ ਸਿਹਤ ਸੇਵਾ ਨਾਲ ਜੁੜੇ ਸੈਕਟਰਾਂ ਵਿਚ 5ਜੀ ਨੈੱਟਵਰਕ ਨੂੰ ਵਿਸਥਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਬੇਈ ਸੂਬੇ ਵਿਚ 300 ਤੋਂ ਜ਼ਿਆਦਾ 5ਜੀ ਬੇਸ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਇਥੇ ਲੱਗਭਗ ਸਾਰੇ ਸ਼ਹਿਰ ਪੂਰੀ ਤਰ੍ਹਾਂ 5ਜੀ ਕਵਰੇਜ ਨਾਲ ਲੈਸ ਹੋ ਗਏ ਹਨ। ਚੀਨ ਦੀ ਰਾਜਧਾਨੀ ਬੀਜਿੰਗ ਵਿਚ 5ਜੀ ਦੇ 4,300 ਬੇਸ ਸਟੇਸ਼ਨ ਸਥਾਪਿਤ ਕੀਤੇ ਗਏ ਹਨ। 5ਜੀ ਨੈੱਟਵਰਕ ਦੀ ਡਾਊਨਲੋਡ ਦੀ ਗਤੀ 4ਜੀ ਦੀ ਤੁਲਨਾ ਵਿਚ 10 ਤੋਂ 100 ਗੁਣਾ ਤੱਕ ਜ਼ਿਆਦਾ ਰਹਿੰਦੀ ਹੈ।