
ਸਟਾਰਟਅੱਪ ‘ਦੁਕਾਨ’ ਨੇ ਏ.ਆਈ. ਚੈਟਬੋਟ ਤੈਨਾਤ ਕਰ ਕੇ ਲਾਗਤ ’ਚ 85 ਫ਼ੀ ਸਦੀ ਕਮੀ ਅਤੇ ਹੱਲ ਕੱਢਣ ਦਾ ਸਮਾਂ ਦੋ ਘੰਟੇ ਤੋਂ ਘਟਾ ਕੇ ਤਿੰਨ ਮਿੰਟ ਕਰਨ ਦਾ ਦਾਅਵਾ ਕੀਤਾ
ਨਵੀਂ ਦਿੱਲੀ: ਈ-ਕਾਮਰਸ ਖੇਤਰ ਦੀ ਸਟਾਰਟਅੱਪ ਕੰਪਨੀ ‘ਦੁਕਾਨ’ ਨੇ ਅਪਣੇ 90 ਫ਼ੀ ਸਦੀ ਮੁਲਾਜ਼ਮਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਬਨਾਉਟੀ ਬੁੱਧੀ (ਏ.ਆਈ.) ’ਤੇ ਅਧਾਰਤ ਚੈਟਬੋਟ ਤੈਨਾਤ ਕਰ ਦਿਤਾ ਹੈ। ਸਟਾਰਟਅੱਪ ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਸੁਮਿਤ ਸ਼ਾਹ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਨਾਫ਼ਾ ਕਮਾਉਣ ਨੂੰ ਪਹਿਲ ਦਿੰਦਿਆਂ ਮੁਲਾਜ਼ਮਾਂ ਦੀ ਥਾਂ ਏ.ਆਈ. ਚੈਟਬੋਟ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਸ਼ਾਹ ਨੇ ਟਵੀਟ ਕੀਤਾ, ‘‘ਸਾਨੂੰ ਇਸ ਚੈਟਬੋਟ ਏ.ਆਈ. ਕਾਰਨ ਅਪਣੇ ਸਪੋਰਟ ਟੀਮ ਦੇ 90 ਫ਼ੀ ਸਦੀ ਮੈਂਬਰਾਂ ਦੀ ਛਾਂਟੀ ਕਰਨੀ ਪਈ ਹੈ।’’ ਉਨ੍ਹਾਂ ਇਸ ਨੂੰ ਇਕ ਮੁਸ਼ਕਲ ਫੈਸਲਾ ਦਸਦਿਆਂ ਕਿਹਾ ਕਿ ਅਜਿਹਾ ਕਰਨਾ ਬਹੁਤ ਜ਼ਰੂਰੀ ਸੀ। ਇਸ ਦੇ ਨਾਲ ਹੀ ਸ਼ਾਹ ਨੇ ਚੈਟਬੋਟ ਦੇ ਆਉਣ ਨਾਲ ਸਪੋਰਟ ਸੇਵਾਵਾਂ ਦੀ ਲਾਗਤ 85 ਫ਼ੀ ਸਦੀ ਤਕ ਘਟਣ ਅਤੇ ਹੱਲ ਕੱਢਣ ਵਾਲੇ ਸਮੇਂ ’ਚ ਦੋ ਘੰਟੇ ਤੋਂ ਘੱਟ ਹੋ ਕੇ ਤਿੰਨ ਮਿੰਟ ਹੋ ਜਾਣ ਦਾ ਦਾਅਵਾ ਕੀਤਾ ਹੈ।
ਸੋਸ਼ਲ ਮੀਡੀਆ ਮੰਚ ਟਵਿੱਟਰ ’ਤੇ ‘ਦੁਕਾਨ’ ਦੇ 90 ਫ਼ੀ ਸਦੀ ਮੁਲਾਜ਼ਮਾਂ ਦੀ ਛਾਂਟੀ ਦੀ ਕਈ ਲੋਕਾਂ ਨੇ ਤਿੱਖੀ ਆਲੋਚਨਾ ਕਰਦਿਆਂ ਇਸ ਨੂੰ ਅਸੰਵੇਦਨਸ਼ੀਲ ਕਦਮ ਦਸਿਆ ਹੈ। ਹਾਲਾਂਕਿ ਸ਼ਾਹ ਨੇ ਇਸ ਫੈਸਲਾ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਸਿਰਫ਼ ਮੁਨਾਫ਼ਾ ਕਮਾਉਣ ਨੂੰ ਪਹਿਲ ਦੇ ਰਹੇ ਹਨ।