
ਅਰਬਾਂ ਸਾਲ ਪਹਿਲਾਂ ਇਸ ਗ੍ਰਹਿ ’ਤੇ ਨਦੀਆਂ, ਸਮੁੰਦਰ ਤੇ ਝੀਲਾਂ ਮੌਜੂਦ ਸਨ।
Evidence of water found beneath the surface of Mars
ਮੰਗਲ ਗ੍ਰਹਿ ਸਦੀਆਂ ਤੋਂ ਵਿਗਿਆਨੀਆਂ ਲਈ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਕਈ ਸਾਰੀਆਂ ਅਜਿਹੀਆਂ ਖੋਜਾਂ ਹੋਈਆਂ ਹਨ, ਜਿਨ੍ਹਾਂ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਮੰਗਲ ਇਕ ਭੇਦ ਭਰਿਆ ਗ੍ਰਹਿ ਹੈ, ਜਿਸ ਦੀ ਸਤ੍ਹਾ ਹੇਠ ਕਈ ਡੂੰਘੇ ਰਾਜ਼ ਹਨ। ਹਾਲ ਹੀ ’ਚ ਹੋਈ ਨਵੀਂ ਖੋਜ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਮੰਗਲ ਗ੍ਰਹਿ ਦੀ ਸਤ੍ਹਾ ਹੇਠ ਪਾਣੀ ਦਾ ਵੱਡਾ ਭੰਡਾਰ ਹੈ।
ਮੰਗਲ ਗ੍ਰਹਿ ’ਤੇ ਸਦੀਆਂ ਪਹਿਲਾਂ ਪਾਣੀ ਸੀ, ਪਰ ਇਹ ਸਾਰਾ ਪਾਣੀ ਕਿੱਥੇ ਚਲਾ ਗਿਆ ਤੇ ਇਹ ਗ੍ਰਹਿ ਠੰਡਾ ਤੇ ਸੁੱਕਾ ਕਿਵੇਂ ਹੋ ਗਿਆ। ਇਸ ਸਵਾਲ ਨੇ ਕਈ ਸਾਲਾਂ ਤਕ ਵਿਗਿਆਨੀਆਂ ਨੂੰ ਹੈਰਾਨੀ ’ਚ ਰੱਖਿਆ। ਪਰ ਇਸ ਨਵੀਂ ਖੋਜ ਨੇ ਇਸ ਰਾਜ਼ ਤੋਂ ਪਰਦਾ ਚੁੱਕ ਦਿਤਾ ਹੈ। ਨਾਸਾ ਦੇ ਇਨਸਾਈਟ ਮਿਸ਼ਨ ਤੋਂ ਮੰਗਲ ’ਤੇ ਆਏ ਭੂਚਾਲ ਦੇ ਡਾਟਾ ਦੀ ਵਰਤੋਂ ਕਰਦੇ ਹੋਏ, ਵਿਗਿਆਨੀਆਂ ਨੇ ਸਬੂਤ ਲੱਭੇ ਹਨ ਕਿ ਭੂਚਾਲ ਦੀਆਂ ਲਹਿਰਾਂ ਸਤ੍ਹਾ ਤੋਂ 5.4 ਅਤੇ 8 ਕਿਲੋਮੀਟਰ ਹੇਠਾਂ ਇਕ ਪਰਤ ਵਿਚ ਹੌਲੀ ਹੋ ਜਾਂਦੀਆਂ ਹਨ, ਜੋ ਕਿ ਇਹਨਾਂ ਡੂੰਘਾਈਆਂ ’ਤੇ ਤਰਲ ਪਾਣੀ ਦੀ ਮੌਜੂਦਗੀ ਕਾਰਨ ਹੋ ਸਕਦਾ ਹੈ। ਮੰਗਲ ਗ੍ਰਹਿ ਹਮੇਸ਼ਾ ਉਜਾੜ ਗ੍ਰਹਿ ਨਹੀਂ ਸੀ, ਜਿਵੇਂ ਕਿ ਅਸੀਂ ਅੱਜ ਦੇਖਦੇ ਹਾਂ।
ਅਰਬਾਂ ਸਾਲ ਪਹਿਲਾਂ ਇਸ ਗ੍ਰਹਿ ’ਤੇ ਨਦੀਆਂ, ਸਮੁੰਦਰ ਤੇ ਝੀਲਾਂ ਮੌਜੂਦ ਸਨ। ਜਿਵੇਂ-ਜਿਵੇਂ ਮੰਗਲ ਗ੍ਰਹਿ ਦਾ ਚੁੰਬਕੀ ਖੇਤਰ (ਮੈਗਨੇਟਿਕ ਫ਼ੀਲਡ) ਫਿੱਕਾ ਪੈ ਗਿਆ ਤੇ ਇਸਦਾ ਵਾਯੂਮੰਡਲ ਪਤਲਾ ਹੋ ਗਿਆ, ਜ਼ਿਆਦਾਤਰ ਸਤਹੀ ਪਾਣੀ ਅਲੋਪ ਹੋ ਗਿਆ।