
ਜੇ ਇੰਟਰਨੈੱਟ ਦਾ ਸੰਪਰਕ ਟੁੱਟ ਜਾਂਦਾ ਹੈ ਤਾਂ ਹਾਦਸਾ ਹੋਣ ਦਾ ਖ਼ਤਰਾ ਰਹੇਗਾ।
ਤੁਹਾਨੂੰ ਇਸ ਸਾਲ ਫ਼ਰਵਰੀ ਮਹੀਨੇ ਵਿਚ ਗ੍ਰੇਟਰ ਨੋਇਡਾ ਵਿਚ ਹੋਇਆ ਆਟੋ ਐਕਸਪੋ ਤਾਂ ਯਾਦ ਹੀ ਹੋਵੇਗਾ ਜਿਸ ਵਿਚ ਟੈਲਸਾ ਕੰਪਨੀ ਵਲੋਂ ਸੈਲਫ਼ ਡਰਾਈਵਿੰਗ ਭਾਵ ਬਿਨਾਂ ਡਰਾਈਵਰ ਤੋਂ ਚਲਣ ਵਾਲੀ ਕਾਰ ਨੂੰ ਪੇਸ਼ ਕੀਤਾ ਗਿਆ ਸੀ। ਕਾਰ ਪ੍ਰੇਮੀਆਂ ਵਿਚ ਇਸ ਬਾਰੇ ਉਤਸ਼ਾਹ ਸੀ ਕਿ ਆਖ਼ਰ ਅਪਣੇ ਦੇਸ਼ ਦੀਆਂ ਸੜਕਾਂ 'ਤੇ ਇਹ ਕਾਰ ਕਦੋਂ ਦਿਸੇਗੀ? ਹੁਣ ਇਹ ਸਮਾਂ ਨੇੜੇ ਆ ਰਿਹਾ ਹੈ। ਅਗਲੇ ਸਾਲ ਹੋਣ ਵਾਲੇ ਸਵੈ ਡਰਾਈਵਿੰਗ ਕਾਰ ਪ੍ਰੀਖਣ ਤੋਂ ਪਹਿਲਾਂ ਐਡਵਾਂਸ ਲੈਵਲ ਟੈਲੀਕਾਮ ਟੈਸਟਿੰਗ ਸੈਂਟਰ (ਏਐਲਟੀਟੀਸੀ) ਨੇ ਇਸ ਲਈ ਇੰਜੀਨੀਅਰਾਂ ਨੂੰ ਸੁਰੱਖਿਅਤ ਨੈੱਟਵਰਕਿੰਗ ਬਾਰੇ ਸਿਖਲਾਈ ਦਿਤੀ ਹੈ। ਯੁਮੁਨਾ-ਐਕਸਪ੍ਰੈੱਸ-ਵੇਅ ਤੇ ਬਾਂਦਰਾ-ਵਰਲੀ ਸੀ ਲਿੰਕ 'ਤੇ ਅਗਲੇ ਸਾਲ ਆਟੋਮੈਟਿਕ ਕਾਰ ਦਾ ਤਜਰਬਾ ਕੀਤਾ ਜਾਣਾ ਹੈ।
ਏ.ਐਲ.ਟੀ.ਟੀ.ਸੀ. ਦੇ ਸਹਾਇਕ ਨਿਰਦੇਸ਼ਕ ਕ੍ਰਿਸ਼ਨਾ ਕੁਮਾਰ ਯਾਦਵ ਮੁਤਾਬਕ ਅਗਲੇ ਸਾਲ ਭਾਰਤ ਵਿਚ 5ਜੀ ਸਰਵਿਸ ਆਉਣ ਤੋਂ ਬਾਅਦ ਯਮੁਨਾ ਐਕਸਪ੍ਰੈੱਸ ਵੇਅ ਅਤੇ ਬਾਂਦਰਾ-ਵਰਲੀ ਸੀ ਲਿੰਕ ਕੰਢੇ ਫ਼ਾਈਬਰ ਦੀ 5ਜੀ ਇੰਟਰਨੈੱਟ ਨੈੱਟਵਰਕ ਲਾਈਨ ਵਿਛਾਈ ਜਾਵੇਗੀ ਤਾਕਿ ਸਵੈ ਡਰਾਈਵਿੰਗ ਕਾਰ ਦਾ ਤਜਰਬਾ ਕੀਤਾ ਜਾ ਸਕੇ। ਇਸ ਲਈ ਮਰਸਡੀਜ਼ ਬੈਂਜ਼ ਕਾਰ ਦੀ ਚੋਣ ਕੀਤੀ ਗਈ ਹੈ। ਉਸ ਤੋਂ ਬਾਅਦ ਆਰਟੀਫ਼ਿਸ਼ੀਅਲ ਇਟੈਂਲੀਜੈਂਸ ਡਿਵਾਈਸ ਲੱਗੀ ਹੋਈ ਕਾਰ ਵੀ ਬਾਜ਼ਾਰ ਵਿਚ ਆ ਜਾਵੇਗੀ। ਏ.ਐਲ.ਟੀ.ਟੀ.ਸੀ. ਦੇ ਮੁੱਖ ਮਹਾਂ ਪ੍ਰਬੰਧਕ ਐਮ.ਕੇ ਸੇਠ ਮੁਤਾਬਕ ਤਜਰਬੇ ਦੇ ਚਾਰ ਸਾਲ ਬਾਅਦ ਭਾਵ 2025 ਤਕ ਸਾਡੇ ਦੇਸ਼ ਵਿਚ ਇਹ ਕਾਰ ਚਲੇਗੀ। ਲਗਭਗ 12 ਲੱਖ ਰੁਪਏ ਵਿਚ ਲਗਜ਼ਰੀ ਕਾਰ ਵਿਚ ਸੈਲਫ਼ ਡਰਾਈਵਿੰਗ ਦਾ ਸਿਸਟਮ ਲਗਵਾਇਆ ਜਾ ਸਕੇਗਾ।
ਇਸ ਲਈ ਤੇਜ਼ ਰਫ਼ਤਾਰ ਦੇ 5ਜੀ ਇੰਟਰਨੈੱਟ ਦੀ ਜ਼ਰੂਰਤ ਹੋਵੇਗੀ। ਜੇ ਇੰਟਰਨੈੱਟ ਦਾ ਸੰਪਰਕ ਟੁੱਟ ਜਾਂਦਾ ਹੈ ਤਾਂ ਹਾਦਸਾ ਹੋਣ ਦਾ ਖ਼ਤਰਾ ਰਹੇਗਾ। ਹੈਕਰ ਘੁਸਪੈਠ ਕਰ ਕੇ ਹਾਦਸਾ ਕਰਵਾ ਸਕਦੇ ਹਨ। ਐਮ.ਕੇ. ਸੇਠ ਮੁਤਾਬਕ ਨੈੱਟਵਰਕ ਦੀ ਸਖ਼ਤ ਸੁਰੱਖਿਅਤ ਲਈ ਇੰਜੀਨੀਅਰਾਂ ਨੂੰ ਸਿਖਲਾਈ ਦਿਤੀ ਗਈ ਹੈ। ਇਸ ਦੇ ਸਿਗਨਲ ਦੀ ਲਗਾਤਾਰ ਮਾਨੀਟਰਿੰਗ ਕੀਤੀ ਜਾਵੇਗੀ। ਇਸ ਸਿਖਲਾਈ ਲਈ ਐਕਸਪ੍ਰੈੱਸ ਵੇਅ 'ਤੇ ਇਕ ਲਾਈਨ ਵਾਧੂ ਦਿਤੀ ਜਾਵੇਗੀ ਤਾਕਿ ਆਮ ਟ੍ਰੈਫ਼ਿਕ ਸੰਚਾਲਨ ਵਿਚ ਕੋਈ ਰੁਕਾਵਟ ਨਾ ਪਵੇ।
ਸਵੈ ਡਰਾਈਵਿੰਗ ਕਾਰ ਭਵਿੱਖ ਵਿਚ ਡਰਾਈਵਿੰਗ ਦਾ ਇਕ ਨਵਾਂ ਤਜਰਬਾ ਹੈ। ਕਾਰ ਵਿਚ ਬੈਠ ਕੇ ਵਿਅਕਤੀ ਲੈਪਟਾਪ 'ਤੇ ਆਰਾਮ ਨਾਲ ਕੰਮ ਕਰ ਸਕਦਾ ਹੈ ਤੇ ਇਹ ਧਿਆਨ ਦੇਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ ਕਿ ਕਦੋਂ ਕਿਥੇ ਰੁਕਣਾ ਹੈ ਕਿਉਂਕਿ ਕਾਰ ਖ਼ੁਦ ਮੰਜ਼ਲ 'ਤੇ ਜਾ ਕੇ ਰੁਕ ਜਾਵੇਗੀ। ਕਾਰ ਦੀ ਛੱਤ 'ਤੇ ਇਕ ਖ਼ਾਸ ਮਸ਼ੀਨ ਲੱਗੀ ਹੁੰਦੀ ਹੈ ਜੋ ਕਾਰ ਦੇ ਆਸ-ਪਾਸ 3 ਡੀ ਮੈਪ ਤਿਆਰ ਕਰਦੀ ਹੈ। ਨਾਲ ਹੀ ਕਈ ਕੈਮਰੇ ਤੇ ਸੈਂਸਰ ਲੱਗੇ ਹੁੰਦੇ ਹਨ, ਜਿਨ੍ਹਾਂ ਜ਼ਰੀਏ ਆਸ-ਪਾਸ ਮੌਜੂਦ ਵਾਹਨ, ਪੈਦਲ ਯਾਤਰੀ, ਅਚਾਨਕ ਆਈ ਭੀੜ, ਸਾਈਕਲ ਸਵਾਰ ਤੇ ਹੋਰ ਦੂਸਰੀਆਂ ਚੀਜ਼ਾਂ 'ਤੇ ਤਕਨੀਕ ਦੀ ਨਜ਼ਰ ਬਣੀ ਰਹਿੰਦੀ ਹੈ।
ਕਾਰ 'ਚ ਲੱਗਾ ਇਕ ਐਂਟੀਨਾ ਜੀ.ਪੀ.ਐਸ. ਨਾਲ ਜੁੜਿਆ ਹੁੰਦਾ ਹੈ। ਇਹ ਸਾਰੀ ਜਾਣਕਾਰੀ ਆਰਟੀਫ਼ਿਸ਼ੀਅਲ ਇੰਟੈਂਲੀਜੈਂਸ ਡਿਵਾਈਸ (ਸਾਫ਼ਟਵੇਅਰ) ਵਿਚ ਪਹੁੰਚਦੀ ਹੈ। ਇਹ ਡਿਵਾਈਸ ਕਾਰ ਦੇ ਬ੍ਰੇਕ, ਸਟੇਅਰਿੰਗ, ਸਪੀਡ ਆਦਿ ਕੰਟਰੋਲ ਕਰਦੀ ਹੈ। ਡਿਵਾਈਸ ਦੇ ਸਾਫ਼ਟਵੇਅਰ ਨੂੰ ਮੋਬਾਈਲ 'ਤੇ ਚਲਾਇਆ ਜਾ ਸਕਦਾ ਹੈ। ਮੋਬਾਈਲ ਜ਼ਰੀਏ ਹੀ ਕਾਰ ਵਿਚ ਕਿਤੇ ਆਉਣ-ਜਾਣ ਦੀ ਸੂਚਨਾ ਤੋਂ ਇਲਾਵਾ ਵੀ ਯਾਤਰਾ ਨਾਲ ਜੁੜੀ ਤਮਾਮ ਜਾਣਕਾਰੀ ਮਿਲ ਸਕੇਗੀ। ਕਾਰ ਵਿਚ ਲੋਕੇਸ਼ਨ ਸੈੱਟ ਕਰਨ ਤੋਂ ਬਾਅਦ ਜੀ.ਪੀ.ਐਸ. ਦੀ ਮਦਦ ਕਾਰ ਖ਼ੁਦ ਹੀ ਮੰਜ਼ਲ ਤਕ ਪਹੁੰਚੇਗੀ। ਸੁਭਾਸ਼ ਚੰਦ ਮੁਤਾਬਕ ਟ੍ਰੈਫ਼ਿਕ ਸਿਗਨਲ ਸਾਫ਼ਟਵੇਅਰ ਵਿਚ ਹਰ ਸੰਭਾਵਤ ਹਾਲਾਤ ਦੀ ਪ੍ਰੋਗਰਾਮਿੰਗ ਕੀਤੀ ਗਈ ਹੈ।