
ਪੁਲਾੜ ਏਜੰਸੀ ਦਾ ਲਾਂਚ ਵਹੀਕਲ ਪੀਐਸਐਲਵੀ ਸਵੇਰੇ 5:59 ਵਜੇ ਪੁਲਾੜ ਲਈ ਰਵਾਨਾ ਹੋਇਆ ਅਤੇ ਤਿੰਨੋਂ ਉਪਗ੍ਰਹਿਆਂ ਨੂੰ ਪੁਲਾੜ ਦੇ ਆਰਬਿਟ ਵਿਚ ਸਥਾਪਤ ਕੀਤਾ।
ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 2022 ਦੇ ਆਪਣੇ ਪਹਿਲੇ ਲਾਂਚ ਮਿਸ਼ਨ ਤਹਿਤ ਪੀਐਸਐਲਵੀ-ਸੀ 52 ਜ਼ਰੀਏ ਧਰਤੀ ’ਤੇ ਨਜ਼ਰ ਰੱਖਣ ਵਾਲੇ ਉਪਗ੍ਰਹਿ ਈਓਐਸ-04 ਅਤੇ ਦੋ ਛੋਟੇ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਸਰੋ ਨੇ ਇਸ ਨੂੰ ‘ਅਦਭੁਤ ਪ੍ਰਾਪਤੀ’ ਦੱਸਿਆ ਹੈ। ਪੁਲਾੜ ਏਜੰਸੀ ਦਾ ਲਾਂਚ ਵਹੀਕਲ ਪੀਐਸਐਲਵੀ ਸਵੇਰੇ 5:59 ਵਜੇ ਪੁਲਾੜ ਲਈ ਰਵਾਨਾ ਹੋਇਆ ਅਤੇ ਤਿੰਨੋਂ ਉਪਗ੍ਰਹਿਆਂ ਨੂੰ ਪੁਲਾੜ ਦੇ ਆਰਬਿਟ ਵਿਚ ਸਥਾਪਤ ਕੀਤਾ।
ਇਸਰੋ ਨੇ ਟਵੀਟ ਕਰਦਿਆਂ ਦੱਸਿਆ ਕਿ ਕਰੀਬ 19 ਮਿੰਟ ਦੀ ਉਡਾਣ ਤੋਂ ਬਾਅਦ ਲਾਂਚ ਵਹੀਕਲ ਨੇ ਉਪਗ੍ਰਹਿਆਂ ਨੂੰ ਆਰਬਿਟ ਵਿਚ ਸਥਾਪਤ ਕਰ ਦਿੱਤਾ, ਜਿਸ ’ਤੇ ਇਸ ਸਾਲ ਦੇ ਪਹਿਲੇ ਮਿਸ਼ਨ ’ਤੇ ਨੇੜਿਓਂ ਨਜ਼ਰ ਰੱਖ ਰਹੇ ਵਿਗਿਆਨੀਆਂ ਨੇ ਖੁਸ਼ੀ ਜਤਾਈ। ਇਸ ਵਿਚ ਕਿਹਾ ਗਿਆ ਹੈ ਕਿ ਈਓਐਸ-04 ਨੂੰ ਸਵੇਰੇ 6.17 ਵਜੇ ਸੂਰਜ ਦੀ ਸਮਕਾਲੀ ਧਰੁਵੀ ਆਰਬਿਟ ਵਿਚ ਸਥਾਪਤ ਕੀਤਾ ਗਿਆ।
EOS-04 ਨੂੰ ਸਥਾਪਤ ਕਰਨ ਤੋਂ ਬਾਅਦ, ਦੋ ਛੋਟੇ ਉਪਗ੍ਰਹਿ ਇੰਸਪਾਇਰ ਸੈਟ-1 ਅਤੇ INS-2TD ਨੂੰ ਵੀ ਉਹਨਾਂ ਦੇ ਨਿਰਧਾਰਿਤ ਆਰਬਿਟ ਵਿਚ ਰੱਖਿਆ ਗਿਆ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਸਫਲ ਲਾਂਚਿੰਗ ਤੋਂ ਬਾਅਦ ਕਿਹਾ, “PSLV-C52/EOS-04 ਮਿਸ਼ਨ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਪ੍ਰਾਇਮਰੀ ਸੈਟੇਲਾਈਟ EOS-04 ਨੂੰ PSLV-C52 ਨੇ ਬਿਲਕੁਲ ਸਹੀ ਸਥਾਪਤ ਕੀਤਾ ਹੈ। ਇਸ ਦੇ ਨਾਲ ਹੀ ਸੈਟੇਲਾਈਟ ਇੰਸਪਾਇਰ ਸੈਟ-1 ਅਤੇ INS-2TD ਨੂੰ ਵੀ ਸਹੀ ਆਰਬਿਟ ਵਿਚ ਰੱਖਿਆ ਗਿਆ।
ਐਸ ਸੋਮਨਾਥ ਨੇ ਇਸ ਮਿਸ਼ਨ ਨੂੰ ਸੰਭਵ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ, "ਇਹ ਪੁਲਾੜ ਯਾਨ ਸਾਡੇ ਲਈ ਦੇਸ਼ ਦੀ ਸੇਵਾ ਲਈ ਮਹਾਨ ਸੰਪਤੀਆਂ ਵਿਚੋਂ ਇਕ ਹੋਵੇਗਾ।" ਮਿਸ਼ਨ ਡਾਇਰੈਕਟਰ ਐਸ.ਆਰ ਬੀਜੂ ਨੇ ਕਿਹਾ, "ਅਸੀਂ ਅੱਜ ਜੋ ਕੁਝ ਹਾਸਲ ਕੀਤਾ ਹੈ, ਉਹ ਸੱਚਮੁੱਚ ਸ਼ਾਨਦਾਰ ਹੈ।" EOS-04 ਇਕ 'ਰਾਡਾਰ ਇਮੇਜਿੰਗ ਸੈਟੇਲਾਈਟ' ਹੈ ਜੋ ਹਰ ਮੌਸਮ ਦੀਆਂ ਸਥਿਤੀਆਂ ਅਤੇ ਖੇਤੀਬਾੜੀ, ਜੰਗਲਾਤ ਅਤੇ ਪੌਦੇ ਲਗਾਉਣ, ਮਿੱਟੀ ਦੀ ਨਮੀ ਅਤੇ ਹਾਈਡ੍ਰੋਲੋਜੀ ਅਤੇ ਹੜ੍ਹ ਮੈਪਿੰਗ ਵਰਗੀਆਂ ਐਪਲੀਕੇਸ਼ਨਾਂ ਵਿਚ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਭਾਰ 1,710 ਕਿਲੋਗ੍ਰਾਮ ਹੈ।