
ਪੰਜਾਬੀ ਸਮਾਜ ਵਿਚ ਬੱਚੇ ਦੇ ਜੰਮਣ ਤੋਂ ਲੈ ਕੇ ਮਰਨ ਤਕ ਅਨੇਕਾਂ ਹੀ ਰਿਸ਼ਤੇਦਾਰੀਆਂ ਹਨ। ਹਰ ਰਿਸ਼ਤੇਦਾਰੀ ਦੇ ਲੋਕ ਗੀਤ ਚਮਕਦੇ-ਦਮਕਦੇ ਹਨ।
ਪੰਜਾਬੀ ਸਮਾਜ ਵਿਚ ਬੱਚੇ ਦੇ ਜੰਮਣ ਤੋਂ ਲੈ ਕੇ ਮਰਨ ਤਕ ਅਨੇਕਾਂ ਹੀ ਰਿਸ਼ਤੇਦਾਰੀਆਂ ਹਨ। ਹਰ ਰਿਸ਼ਤੇਦਾਰੀ ਦੇ ਲੋਕ ਗੀਤ ਚਮਕਦੇ-ਦਮਕਦੇ ਹਨ। ਰਿਸ਼ਤੇਦਾਰੀਆਂ ਦਾ ਮੇਲ-ਮਿਲਾਪ, ਆਪਸੀ ਤਾਣਾ-ਬਾਣਾ, ਬੋਲਬਾਣੀ, ਬੈਠਣ-ਉੱਠਣ, ਤਾਅਨੇ-ਮਿਹਣੇ ਸਿਠਣੀਆਂ ਅਤੇ ਗ਼ਮੀ ਦੇ ਗੀਤਾਂ ਆਦਿ ਬੜੇ ਵਿਸ਼ਾਲ ਖੇਤਰ ਦੇ ਮਾਲਕ ਹਨ। ਸਾਰੀਆਂ ਰਿਸ਼ਤੇਦਾਰੀਆਂ ਦੇ ਮੇਲ-ਮਿਲਾਪ ਤੋਂ ਅਪਣੱਤ ਦੀ ਝਲਕ ਪੈਂਦੀ ਹੈ।
Punjabi Folk Song
ਜਿਥੇ ਸਾਰੀਆਂ ਰਿਸ਼ਤੇਦਾਰੀਆਂ ਆਪੋ-ਅਪਣੀ ਥਾਂ ਰਖਦੀਆਂ ਹਨ ਉਥੇ ਪੰਜਾਬੀ ਲੋਕ ਗੀਤਾਂ ਵਿਚ ਕੁੜਮ ਤੇ ਕੁੜਮਣੀ ਦਾ ਸਥਾਨ ਬੜਾ ਅਹਿਮ ਥਾਂ ਰਖਦਾ ਹੈ। ਮੁੰਡੇ ਅਤੇ ਕੁੜੀ ਦੇ ਸੱਸ-ਸਹੁਰੇ ਨੂੰ ਕੁੜਮ-ਕੁੜਮਣੀ ਕਿਹਾ ਜਾਂਦਾ ਹੈ। ਕੁੜੀ ਵਾਲੇ ਮੁੰਡੇ ਦੇ ਮਾਂ-ਬਾਪ ਨੂੰ ਉੱਚਾ ਸਥਾਨ ਦਿੰਦੇ ਹਨ ਅਤੇ ਕੁੜੀ ਵਾਲੇ ਮਾਂ-ਬਾਪ ਮੁੰਡੇ ਦੇ ਮਾਂ-ਬਾਪ ਦੇ ਪੈਰੀਂ ਹੱਥ ਵੀ ਲਾਉਂਦੇ ਹਨ।
Punjabi Folk Song
ਕਈ ਵਾਰੀ ਕੁੜਮਣੀ ਅਪਣੇ ਕੁੜਮ ਦੀ ਬੜੀ ਸਿਫ਼ਤ ਕਰਦੀ ਕਹਿੰਦੀ ਹੈ ਕਿ 'ਮੇਰਾ ਕੁੜਮ ਬੈਟਰੀ ਵਰਗਾ, ਗੈਸ ਬੁਝਾ ਦਿਉ ਨੀ।' ਪਹਿਲਾਂ ਪਿੰਡਾਂ ਵਿਚ ਰੌਸ਼ਨੀ ਲਈ ਗੈਸ ਹੁੰਦੇ ਸਨ ਤੇ ਚਾਨਣ ਕਰਦੇ ਸਨ। ਵਿਆਹ ਸ਼ਾਦੀ ਵਿਚ ਹਾਸੇ ਠੱਠੇ ਅੰਦਰ ਸਿਠਣੀਆਂ ਦਾ ਦੌਰ ਚਲ ਪੈਂਦਾ ਹੈ ਤਾਂ ਕੁੜਮਣੀ ਅਪਣੇ ਕੁੜਮ ਨੂੰ ਮਖੌਲ ਵਿਚ ਆਖ ਉਠਦੀ ਹੈ:
ਹੋਕਾ ਦੇ ਦਿਉ ਨੀ ਮੇਰਾ ਕੁੜਮ ਖਰਾਸੇ ਜੋਣਾ
Punjabi Folk Song
ਪਹਿਲਾਂ ਪਿੰਡਾਂ ਵਿਚ ਆਟਾ ਚੱਕੀਆਂ ਦੀ ਥਾਂ ਖਰਾਸ ਹੁੰਦੇ ਸਨ ਜਿਸ ਨੂੰ ਗਾਧੀ ਵਿਚ ਦੋ ਬਲਦ ਜੁੜ ਕੇ ਖਿਚਦੇ ਸਨ ਅਤੇ ਚੱਕੀ ਵਾਂਗ ਖਰਾਸ ਵਾਲਾ ਆਟਾ ਪੀਂਹਦਾ ਹੁੰਦਾ ਸੀ। ਜਦੋਂ ਮੁੰਡੇ ਕੁੜੀ ਦਾ ਵਿਆਹ ਮੁਕਲਾਵਾ ਹੋ ਜਾਂਦਾ ਤਾਂ ਹਾਸੇ-ਠੱਠੇ ਦੇ ਮਾਹੌਲ ਵਿਚ ਵਿਚੋਲੇ ਦੀ ਝੰਡ ਕਰ ਦਿਤੀ ਜਾਂਦੀ ਸੀ:
ਕੁੜਮੋ ਕੁੜਮੀ ਸੌ ਵਾਰੀ,
ਵਿਚੋਲੇ ਦੇ ਢਿੱਡ ਵਿਚ ਲੱਤ ਮਾਰੀ।
ਜਾਂ
ਮੱਕੀ ਦਾ ਦਾਣਾ ਟਿੰਡ ਵਿਚ ਵੇ
ਵਿਚੋਲਾ ਨਹੀਂ ਛਡਣਾ ਪਿੰਡ ਵਿਚ ਵੇ।
Punjabi Folk Song
ਅੱਗੇ ਵਰਤ ਵਰਤੇਵੇਂ ਦੀ ਗੱਲ ਚਲਦੀ ਰਹਿੰਦੀ ਤਾਂ ਹਾਸੇ-ਠੱਠੇ ਵਿਚ ਕਈ ਵਾਰੀ ਵਿਚੋਲਾ ਧੱਕੇ ਚੜ੍ਹ ਜਾਂਦਾ ਤਾਂ ਵਿਚੋਲੇ ਵਲ ਸਿਠਣੀ ਸੁੱਟੀ ਜਾਂਦੀ:
ਕੁੜਮੋ ਕੁੜਮੀ ਵਰਤਣਗੇ, ਵਿਚੋਲੇ ਬੈਠੇ ਤਰਸਣਗੇ।
ਤਾਂ ਕੋਲ ਬੈਠੀ ਗਵਾਂਢਣ ਨੂੰ ਵੀ ਤਾਅ ਆ ਜਾਂਦਾ ਤੇ ਉਹ ਵੀ ਅਪਣਾ ਦਾਅ ਲਾ ਜਾਂਦੀ ਤੇ ਕਹਿ ਉਠਦੀ:
ਕੁੜਮੋ ਕੁੜਮੀ ਇੱਕ ਗੱਲ ਜਿੱਧਰ ਆਖਾਂ ਉਧਰ ਚੱਲ।
Punjabi Folk Song
ਕਈ ਵਾਰੀ ਸਹੁਰਾ ਪ੍ਰਵਾਰ ਲੜਕੀ ਨੂੰ ਕਿਸੇ ਗੱਲੋਂ ਤੰਗ ਪ੍ਰੇਸ਼ਾਨ ਕਰਦਾ ਤਾਂ ਲੜਕੀ ਅਪਣੇ ਪਿਤਾ ਨੂੰ ਅਪਣੀ ਦੁੱਖ ਭਰੀ ਵੇਦਨਾ ਕਹਿ ਦਿੰਦੀ ਕਿ:
ਜਾਂ ਬਾਪੂ ਮੈਂ ਮਰਜਾਂ ਜਾਂ ਮਰਜੇ ਕੁੜਮਣੀ ਤੇਰੀ।
ਕਦੀ ਕਿਸੇ ਸਾਥੀ ਨੂੰ ਅਪਣੀ ਸਾਥੀ ਦੀ ਕਾਰ, ਟਰੱਕ ਜਾਂ ਕੋਈ ਗੱਡੀ ਆਦਿ ਕਰਨੀ ਪੈਣੀ ਪੈ ਜਾਂਦੀ ਅਤੇ ਲੈਣ ਵਾਲੇ ਨੂੰ ਅਪਣੇ ਸਾਥੀ ਉਤੇ ਪੂਰਨ ਭਰੋਸਾ ਹੁੰਦਾ ਕਿ ਮੇਰਾ ਸਾਥੀ ਮੈਨੂੰ ਅਪਣੀ ਚੀਜ਼ ਘੱਟ ਕਿਰਾਏ 'ਤੇ ਦੇ ਦੇਵੇਗਾ ਪਰ ਅੱਗੋਂ ਦੇਣ ਵਾਲਾ ਪੂਰਾ ਰੇਟ ਮੰਗ ਲੈਂਦਾ ਕਿਰਾਇਆ ਮੰਗ ਲੈਂਦਾ ਤਾਂ ਲੈਣ ਵਾਲਾ ਆਖਦਾ:
ਜੇ ਟੱਟੂ ਹੀ ਕਰਨੈ ਤਾਂ ਕੁੜਮਾਂ ਦਾ ਹੀ ਕਰਨੈ?
ਵਿਆਹ-ਸ਼ਾਦੀ ਵੇਲੇ ਕਈ ਵਾਰੀ ਕੁੜਮ ਦਾ ਵੀ ਦਾਅ ਲੱਗ ਜਾਂਦਾ ਅਤੇ ਅਪਣੀ ਕੁੜਮਣੀ ਨੂੰ ਉਹ ਵੀ ਮਿੱਠਾ ਮਖੌਲ ਕਰਦਾ ਆਖਦਾ:
ਸੁਰਮਾ ਕੁੜਮਣੀ ਦਾ ਲਗਦੈ ਕਹਿਰ ਗੁਜ਼ਾਰੂ।
ਅਤੇ ਕੁੜਮਣੀ ਮੁਸਕੜੀਏ ਹਸਦੀ ਅਪਣੇ ਆਹਰ ਵਿਚ ਲੱਗ ਜਾਂਦੀ। ਕੁੜਮਣੀ ਅਪਣੇ ਆਂਢੀਆਂ-ਗਵਾਂਢੀਆਂ ਕੋਲ ਅਪਣੇ ਸ਼ਰੀਫ਼ ਅਤੇ ਨਰਮ ਕੁੜਮ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੀ:
ਕੁੜਮ ਸ਼ਰੀਫ਼ ਦੀਆਂ ਸਿਫ਼ਤਾਂ ਕੁੜਮਣੀ ਕਰਦੀ।
Punjabi Folk Song
ਸਾਨੂੰ ਆਸ ਰਖਣੀ ਚਾਹੀਦੀ ਹੈ ਕਿ ਇਹ ਅਹਿਮ ਅਤੇ ਨੇੜੇ ਦਾ ਰਿਸ਼ਤਾ ਪਹਿਲਾਂ ਵਾਂਗ ਅੱਜ ਵੀ ਘਰਾਂ ਵਿਚ ਪੰਜਾਬੀ ਲੋਕ ਗੀਤਾਂ ਵਿਚ, ਵਿਆਹ-ਸ਼ਾਦੀਆਂ ਵਿਚ, ਖ਼ੁਸ਼ੀਆ ਗ਼ਮੀਆਂ ਵਿਚ ਹਾਸਰਸ ਦਾ ਪਾਤਰ ਬਣ ਕੇ ਨਿਰੰਤਰ ਚਲਦਾ ਰਹੇ ਅਤੇ ਮੇਰੇ ਰੰਗਲੇ ਪੰਜਾਬ ਦੀ ਪੰਜਾਬੀ ਅਤੇ ਪੰਜਾਬੀਅਤ ਸਦਾ ਬਹਾਰਾਂ ਵੰਡਦੀ ਤੇ ਰਿਸ਼ਤਿਆਂ ਦੀ ਨੇੜਤਾ ਵਿਚ ਪਾਕ-ਮੁਹੱਬਤਾਂ ਬਣ ਕੇ ਸਦਾ ਖਿੜੀ ਰਹੇ ਤੇ ਮਹਿਕਾਂ ਬਿਖੇਰਦੀ ਰਹੇ।
ਜਸਵੰਤ ਸਿੰਘ ਅਸਮਾਨੀ
ਸੰਪਰਕ : 98720-67104