
ਕਲਮੀ ਖੇਤਰ ਵਿਚ ਚਾਹਲ ਜੀ ਦੀ ਸ਼ੁਰੂਆਤ ਹਾਸ-ਵਿਅੰਗ ਤੋਂ ਹੋਈ।
ਸਾਹਿਤਕ ਖੇਤਰ ਵਿਚ ‘ਮਣਕੇ’ ਤੇ ‘ਆਕਾਸ਼ ਗੰਗਾ’ (ਕਹਾਣੀ-ਸੰਗ੍ਰਹਿ), ‘ਅੱਜ ਦੀ ਅਹੱਲਿਆ’ ਤੇ ‘ਪਹਿਲੇ ਰੰਗ ਨਾ ਰੱਤੀਓਂ’ (ਨਾਵਲ), ‘ਕਲੀਆਂ ਤੇ ਕਰੂੰਬਲਾਂ’, ‘ਜਨਮ ਦਿਨ ਦੀ ਪਾਰਟੀ’, ‘ਅਪਣਾ ਹਿੱਸਾ ਬਨਾਮ ਸੱਚੀ ਖ਼ੁਸ਼ੀ’, ‘ਮਿਹਨਤ’ (ਬਾਲ ਸਾਹਿਤ), ‘ਜਨਮਦਾਤਾ’ ਅਤੇ ‘ਦਹਿਸ਼ਤ’ (ਨਾਟਕ), ‘ਅਣਪੜ੍ਹੀ ਕਿਤਾਬ’ ਤੇ ‘ਸਾਵਣ ਦੀਆਂ ਝੜੀਆਂ’ (ਕਾਵਿ-ਸੰਗ੍ਰਹਿ) ਆਦਿ ਇਕ ਦਰਜਨ ਮੌਲਿਕ ਪੁਸਤਕਾਂ ਦੀ ਜਨਮ-ਦਾਤੀ ਡਾ. ਪ੍ਰਿਤਪਾਲ ਕੌਰ ਚਾਹਲ ਨੇ ਮੁਲਾਕਾਤ ਦੌਰਾਨ ਕਿਹਾ, ‘‘ਮੈਂ ਉਦੋਂ ਦਸਵੀਂ ਜਮਾਤ ਵਿਚ ਸੀ, ਜਦੋਂ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ, ‘ਲੂਣਾ’ ਪੜ੍ਹ ਕੇ ਉਸ ਵਰਗਾ ਲਿਖਣ ਦੀ ਮੇਰੇ ਮਨ ਵਿਚ ਵੀ ਲਲਕ ਜਾਗ ਪਈ ਸੀ. . . ।
Photo
ਇਸੇ ਤਰ੍ਹਾਂ ਸਕੂਲ ਦੇ ਅਖੀਰਲੇ ਸਾਲ ਸਵੈ-ਲਿਖਤ, ਨਿਰਦੇਸ਼ਤ ਨਾਟਕ, ‘ਕੁਰਬਾਨੀ ਦੀ ਯਾਦ’ ਅਪਣੇ-ਆਪ ਪੈਰਾਂ ਨੂੰ ਪੰਜਾਬੀ ਭਵਨ ਦੇ ਓਪਨ ਏਅਰ-ਥੀਏਟਰ ਤਕ ਲੈ ਗਈ। ਫਿਰ ਇਸ ਖੇਤਰ ਵਿਚ, ‘ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ’, ‘ਜਾਲ’, ‘ਕੁਕਨਸ ਕਦੇ ਨਹੀਂ ਮਰਦਾ’, ‘ਰਿਸ਼ਤੇ’, ‘ਦੁੱਲਾ ਭੱਟੀ’, ‘ਆਖ਼ਰੀ ਅਲਫਾਜ਼’, ‘114 ਦਿਨ’ ਆਦਿ ਅਨੇਕਾਂ ਨਾਟਕਾਂ ਅਤੇ ਕਿੰਨੇ ਹੀ ਨੁੱਕੜ ਨਾਟਕਾਂ ਵਿਚ ਕੰਮ ਕੀਤਾ।’’
Shiv Kumar Batalvi
ਕਲਮੀ ਖੇਤਰ ਵਿਚ ਚਾਹਲ ਜੀ ਦੀ ਸ਼ੁਰੂਆਤ ਹਾਸ-ਵਿਅੰਗ ਤੋਂ ਹੋਈ। ਫਿਰ ਪੰਜਾਬੀ ਦੇ ਇਕ ਅਖ਼ਬਾਰ ਵਿਚ ਛਪੀ ਕਹਾਣੀ, ‘ਔਂਤ ਦੀ ਜ਼ਮੀਨ’ ਉਪਰ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਹੁਰਾਂ ਦੇ ਹੌਂਸਲਾ-ਅਫ਼ਜ਼ਾਈ ਭਰੇ ਸ਼ਬਦਾਂ ਨੇ ਉਨ੍ਹਾਂ ਨੂੰ ਸ਼ਬਦਾਂ ਦੇ ਸਾਗਰ ਵਿਚ ਚੁੱਭੀ ਲਾ ਕੇ ਹੀਰੇ ਮੋਤੀਆਂ ਵਰਗੇ ਸ਼ਬਦਾਂ ਦੇ ਅਲੰਕਾਰ ਚੁਣਨ ਦੇ ਕੰਮ ਲਗਾ ਦਿਤਾ। ਲਿਖਣ ਦੇ ਜਨੂੰਨ ਦੀ ਹੱਦ ਤਕ ਸ਼ੌਂਕ ਪਾਲ ਰਹੀ ਕਲਮ ਦਾ ਇਕ ਰੰਗ ਦੇਖੋ-
‘ਉਹ ਇਸ਼ਕ ਹੀ ਕਾਹਦਾ
ਜਿਹੜਾ ਸਕੂਨ ਤਕ ਜਾ ਪਹੁੰਚੇ।
ਤੇ ਉਹ ਸ਼ੌਕ ਹੀ ਕਾਹਦਾ,
ਜਿਹੜਾ ਜਨੂੰਨ ਤਕ ਨਾ ਪਹੁੰਚੇ।’
ਡਾ. ਚਾਹਲ ਨੇ ਅਣਗਿਣਤ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ ਵਿਚ ਹਿੱਸਾ ਲੈ ਕੇ ਪੇਪਰ/ਪੋਸਟਰ ਪੜ੍ਹੇ ਅਤੇ ਇਨਾਮ ਵੀ ਜਿੱਤੇ। ਇਲਾਹਾਬਾਦ ਵਿਖੇ ਹੋਈ ਨੈਸ਼ਨਲ ਕਾਨਫ਼ਰੰਸ ਵਿਚ ਇਨ੍ਹਾਂ ਨੇ ‘ਕਲਾਵਤੀ ਗੋਲਡ ਮੈਡਲ’ ਜਿੱਤਿਆ। ਨੈਸ਼ਨਲ ਅਤੇ ਇੰਟਰਨੈਸ਼ਨਲ ਜਰਨਲਜ਼ ਵਿਚ 80 ਤੋਂ ਜ਼ਿਆਦਾ ਖੋਜ-ਪੱਤਰ ਅਤੇ 18 ਤੋਂ ਉੱਪਰ ਕਿਤਾਬਾਂ ਵਿਚ ਖੋਜ-ਪੱਤਰ ਦਾ ਮਾਣ ਹਾਸਲ ਕੀਤਾ।
ਤਿੰਨ ਵਾਰ ਵਿਦੇਸ਼ਾਂ ਵਿਚ ਸਰਕਾਰੀ ਨੁਮਾਇੰਦੇ ਵਜੋਂ ਵਿਦੇਸ਼ੀ ਕਾਨਫ਼ਰੰਸਾਂ ਵਿਚ ਸ਼ਾਮਲ ਹੋ ਕੇ ਅਪਣਾ ਤੇ ਭਾਰਤ ਦਾ ਨਾਂ ਉੱਚਾ ਕੀਤਾ। ਰਸਾਇਣਾਂ ਬਗ਼ੈਰ ਪੌਦਿਆਂ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਤਿੰਨ ਪ੍ਰੋਜੈਕਟ ਨਿਰਵਿਘਨ ਨੇਪਰੇ ਚਾੜ੍ਹਨ ਦੀ ਖ਼ੁਸ਼ੀ ਅਤੇ ਗੌਰਵ ਦੇ ਵੀ ਡਾ. ਚਾਹਲ ਹੱਕਦਾਰ ਬਣੇ।
PAU
ਡਾ. ਚਾਹਲ ਦਾ ਸਾਹਿਤਕ ਤੇ ਸਭਿਆਚਾਰਕ ਪੱਖ ਦਸਦਾ ਹੈ ਕਿ ਪੀਏਯੂ ਲੁਧਿਆਣਾ ਦੀ ਪੜ੍ਹਾਈ ਦੌਰਾਨ ਡਾ. ਚਾਹਲ ‘ਪੀਏ ਯੂ ਲੁਧਿਆਣਾ ਮੈਗ਼ਜ਼ੀਨ’ ਦੇ ਸੰਪਾਦਕ, ਮੁੱਖ ਸੰਪਾਦਕ ਅਤੇ ਡਾਂਸ, ਡਰਾਮਾ ਅਤੇ ਮਿਊਜ਼ਿਕ ਕਲੱਬ ਦੇ ਪ੍ਰਧਾਨ ਵੀ ਰਹੇ। ਪੀਏਯੂ ਦੀਆਂ ਸਾਲਾਨਾ ਐਲੂਮਨੀ ਐਸੋਸੀਏਸ਼ਨ ਦੀਆਂ ਮੀਟਿੰਗਾਂ ਦੌਰਾਨ ਸਵਾਗਤੀ ਨਜ਼ਮਾਂ ਪੜ੍ਹਨ ਕਰ ਕੇ ਸੰਨ 2004, 2006, 2008 ਅਤੇ 2010 ਵਿਚ ਪਾਕਿਸਤਾਨੀ ਡੈਲੀਗੇਟਸ ਅਤੇ ਪੀਏਯੂ ਲੁਧਿਆਣਾ ਵਲੋਂ ਅਵਾਰਡ ਅਤੇ ਚਾਂਦੀ ਦੀਆਂ ਪਲੇਟਾਂ ਨਾਲ ਵੀ ਇਨ੍ਹਾਂ ਨੂੰ ਨਵਾਜਿਆ ਗਿਆ।
‘ਮੈਨੀਟੋਬਾ ਦਾ ਸਾਹਿਤ’, ‘ਕੂੰਜਾਂ’, ‘ਸਿਰਜਣਧਾਰਾ’, ‘ਕਾਫ਼ਲਾ ਚਲਦਾ ਰਹੇਗਾ’, ‘ਜਨ ਸਾਹਿਤ’ ਆਦਿ ਕਿਤਾਬਾਂ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਨੇ-ਪ੍ਰਮੰਨੇ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਡਾ. ਚਾਹਲ ਦੀਆਂ ਹਰ ਵਿਧਾ ਤੇ ਛਪੀਆਂ ਰਚਨਾਵਾਂ ਖ਼ੂਬ ਸਲਾਹੀਆਂ ਗਈਆਂ।
Writer
ਬੀਐੱਸਸੀ ਆਨਰਜ਼ (ਬਾਇਓ-ਕੈਮਿਸਟਰੀ) ਐੱਮ ਐੱਸ ਸੀ. ਪਲਾਂਟ ਪੈਥੋਲੋਜੀ ਅਤੇ ਪੀ ਐੱਚ ਡੀ. ਪਲਾਂਟ ਪੈਥੋਲੋਜੀ ਦੀ ਯੋਗਤਾ ਪ੍ਰਾਪਤ ਡਾ. ਪ੍ਰਿਤਪਾਲ ਕੌਰ ਚਾਹਲ ਨੇ ਕਿੱਤੇ ਵਜੋਂ ਪੀਏਯੂ, ਲੁਧਿਆਣਾ ਵਿਚ ਸਰਵਿਸ ਕੀਤੀ ਹੈ, ਜਿਥੋਂ ਕਿ ਉਹ ਬਤੌਰ ਪ੍ਰੋਫ਼ੈਸਰ (ਪਲਾਂਟ ਪੈਥੋਲੋਜੀ, ਪੌਦਾ ਰੋਗ ਵਿਗਿਆਨ ਵਿਭਾਗ) ਸੇਵਾ-ਮੁਕਤ ਹੋਏ ਹਨ। ਡਾ. ਪ੍ਰਿਤਪਾਲ ਕੌਰ ਚਾਹਲ ਵਰਗੇ ਸਮੁੰਦਰ ਦੀ ਗਹਿਰਾਹੀ ਨੂੰ ਨਾਪਦਿਆਂ ਇਹ ਕਲਮ ਬੌਣੀ ਜਿਹੀ ਰਹਿ ਜਾਂਦੀ ਹੈ।
-98764-28641
ਸੰਪਰਕ : ਡਾ. ਪ੍ਰਿਤ ਪਾਲ ਕੌਰ ਚਾਹਲ,
(ਵਿੰਨੀਪੈਗ, ਕੈਨੇਡਾ) +0012049999240
ਪ੍ਰੀਤਮ ਲੁਧਿਆਣਵੀ