
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਭਾਰਤੀ ਡਾਕ ਵਿਭਾਗ ਦੇ ਭੁਗਤਾਨ ਬੈਂਕ ਦੀ ਸ਼ੁਰੂਆਤ ਕੀਤੀ..............
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਭਾਰਤੀ ਡਾਕ ਵਿਭਾਗ ਦੇ ਭੁਗਤਾਨ ਬੈਂਕ ਦੀ ਸ਼ੁਰੂਆਤ ਕੀਤੀ। ਇਸ ਦਾ ਮਕਸਦ ਕਰੀਬ ਤਿੰਨ ਲੱਖ ਡਾਕੀਏ ਅਤੇ ਪੇਂਡੂ ਡਾਕ ਸੇਵਕ ਅਤੇ ਡਾਕਘਰ ਦੀਆਂ ਬ੍ਰਾਂਚਾਂ ਦੇ ਵਿਆਪਕ ਤੰਤਰ ਦਾ ਪ੍ਰਯੋਗ ਕਰ ਕੇ ਆਮ ਆਦਮੀ ਦੇ ਦਰਵਾਜ਼ੇ ਤਕ ਬੈਂਕਿੰਗ ਸੇਵਾਵਾਂ ਪਹੁੰਚਾਉਣਾ ਹੈ।
ਭਾਰਤੀ ਡਾਕ ਭੁਗਤਾਨ ਬੈਂਕ ਕਿਸੇ ਵੀ ਹੋਰ ਬੈਂਕ ਵਾਂਗ ਹੀ ਹੋਵੇਗਾ ਪਰ ਇਹ ਅਪਣੇ ਉਪਰ ਕਰਜ਼ੇ ਦਾ ਜੋਖਮ ਲਏ ਬਗ਼ੈਰ ਛੋਟੇ ਪੱਧਰ ਦੇ ਲੈਣ-ਦੇਣ ਦਾ ਕੰਮ ਕਰੇਗਾ।
ਇਹ ਪੈਸੇ ਜਮ੍ਹਾਂ ਕਰਨ-ਕਰਵਾਉਣ ਵਰਗੇ ਆਮ ਬੈਂਕਿੰਗ ਲੈਣ-ਦੇਣ ਸੇਵਾਵਾਂ ਦੇਵੇਗਾ ਪਰ ਕ੍ਰੈਡਿਟ ਕਾਰਡ ਜਾਰੀ ਨਹੀਂ ਕਰੇਗਾ। ਭੁਗਤਾਨ ਬੈਂਕ 'ਚ ਇਕ ਲੱਖ ਰੁਪਏ ਤਕ ਜਮ੍ਹਾਂ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਹ ਮੋਬਾਈਲ ਭੁਗਤਾਨ, ਤਬਾਦਲੇ ਅਤੇ ਏ.ਟੀ.ਐਮ.-ਡੈਬਿਟ ਕਾਰਡ, ਨੈੱਟ ਬੈਂਕਿੰਗ ਅਤੇ ਥਰਡ ਪਾਰਟੀ ਪੂੰਜੀ ਤਬਦੀਲੀ ਵਰਗੀਆਂ ਸਹੂਲਤਾਂ ਵੀ ਦੇਵੇਗਾ। ਇਸ ਬੈਂਕ 'ਚ ਸਰਕਾਰ ਦੀ 100 ਫ਼ੀ ਸਦੀ ਹਿੱਸੇਦਾਰੀ ਹੈ।
ਆਈ.ਪੀ.ਪੀ.ਬੀ. ਮਾਈਕ੍ਰੋ ਏ.ਟੀ.ਐਮ., ਮੋਬਾਈਲ ਬੈਂਕਿੰਗ ਐਪ, ਸੰਦੇਸ਼ ਅਤੇ ਫ਼ੋਨ ਕਾਲ ਰਾਹੀਂ ਸੰਵਾਦ ਆਦਿ ਦੀਆਂ ਸੇਵਾਵਾਂ ਵੀ ਦੇਵੇਗਾ। ਇਸ 'ਤੇ ਖਾਤਾ ਖੋਲ੍ਹਣ ਲਈ ਆਧਾਰ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਪ੍ਰਮਾਣੀਕਰਨ ਅਤੇ ਲੈਣ-ਦੇਣ ਤੇ ਭੁਗਤਾਨ ਬਾਬਤ ਕੰਮ ਹੋਣਗੇ। ਲੈਣ-ਦੇਣ ਸੁਖਾਲਾ ਬਣਾਉਣ ਲਈ ਪੇਂਡੂ ਡਾਕ ਸੇਵਕਾਂ ਕੋਲ ਸਮਾਰਟ ਫ਼ੋਨ ਅਤੇ ਬਾਇਉਮੀਟ੍ਰਿਕ ਉਪਕਰਨ ਹੋਣਗੇ। ਭੁਗਤਾਨ ਬੈਂਕ ਬਚਤ ਖਾਤੇ 'ਤੇ 4 ਫ਼ੀ ਸਦੀ ਵਿਆਜ ਦੇਵੇਗਾ। (ਪੀਟੀਆਈ)