
ਰੂਸ ਤੇਲ ਅਤੇ ਗੈਸ ਦੀ ਬਰਾਮਦ ਲਈ ਇਸ ਪ੍ਰਣਾਲੀ 'ਤੇ ਬਹੁਤ ਜ਼ਿਆਦਾ ਨਿਰਭਰ ਰਿਹਾ ਹੈ।
ਨਵੀਂ ਦਿੱਲੀ: ਸਵਿਫਟ ਬੈਂਕਿੰਗ ਸਿਸਟਮ ਦਾ ਕਹਿਣਾ ਹੈ ਕਿ ਉਹ ਆਪਣੇ ਗਲੋਬਲ ਨੈੱਟਵਰਕ ਤੋਂ ਸੱਤ ਰੂਸੀ ਬੈਂਕਾਂ ਨੂੰ ਹਟਾ ਦੇਵੇਗਾ। ਇਹ ਕਾਰਵਾਈ 12 ਮਾਰਚ ਨੂੰ ਮੁਕੰਮਲ ਹੋਵੇਗੀ। ਸਵਿਫਟ ਬੈਂਕਿੰਗ ਸਿਸਟਮ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਕਾਰਨ ਦੁਖੀ ਲੋਕਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ ਹੈ।
ਇਸ ਹਫਤੇ ਦੀ ਸ਼ੁਰੂਆਤ 'ਚ ਅਮਰੀਕਾ, ਯੂਰਪੀ ਸੰਘ, ਬ੍ਰਿਟੇਨ ਅਤੇ ਇਸ ਦੇ ਕਈ ਸਹਿਯੋਗੀ ਦੇਸ਼ਾਂ ਨੇ ਕਈ ਰੂਸੀ ਬੈਂਕਾਂ ਨੂੰ ਪ੍ਰਮੁੱਖ ਅੰਤਰਰਾਸ਼ਟਰੀ ਭੁਗਤਾਨ ਪ੍ਰਣਾਲੀ 'ਸਵਿਫਟ' ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਦੁਨੀਆ ਭਰ ਵਿਚ ਹਜ਼ਾਰਾਂ ਵਿੱਤੀ ਸੰਸਥਾਵਾਂ SWIFT ਸਿਸਟਮ ਦੀ ਵਰਤੋਂ ਕਰਦੀਆਂ ਹਨ।
ਰੂਸ ਤੇਲ ਅਤੇ ਗੈਸ ਦੀ ਬਰਾਮਦ ਲਈ ਇਸ ਪ੍ਰਣਾਲੀ 'ਤੇ ਬਹੁਤ ਜ਼ਿਆਦਾ ਨਿਰਭਰ ਰਿਹਾ ਹੈ। ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਇਹ ਸਭ ਤੋਂ ਸਖ਼ਤ ਪਾਬੰਦੀਆਂ ਮੰਨੀਆਂ ਜਾ ਰਹੀਆਂ ਹਨ। ਰੂਸ ਤੋਂ ਪਹਿਲਾਂ ਸਿਰਫ ਈਰਾਨ ਨੂੰ ਸਵਿਫਟ ਪ੍ਰਣਾਲੀ ਤੋਂ ਬਾਹਰ ਕੀਤਾ ਗਿਆ ਸੀ। ਸਵਿਫਟ ਬੈਂਕਿੰਗ ਪ੍ਰਣਾਲੀ ਤੋਂ ਬਾਹਰ ਹੋਣ ਤੋਂ ਬਾਅਦ ਰੂਸ ਦਾ 798 ਬਿਲੀਅਨ ਡਾਲਰ ਦਾ ਵਪਾਰ ਸਿੱਧਾ ਪ੍ਰਭਾਵਿਤ ਹੋਵੇਗਾ। ਇਸ ਦਾ ਸਿੱਧਾ ਅਸਰ ਰੂਸ ਦੀ ਕੁੱਲ ਘਰੇਲੂ ਪੈਦਾਵਾਰ 'ਤੇ ਦੇਖਣ ਨੂੰ ਮਿਲੇਗਾ।
ਸਵਿਫਟ ਬੈਂਕਿੰਗ ਸਿਸਟਮ ਕੀ ਹੈ?
ਸਵਿਫਟ (ਸੋਸਾਇਟੀ ਫਾਰ ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ) ਇਕ ਮੈਸੇਜਿੰਗ ਨੈਟਵਰਕ ਹੈ ਜੋ ਬੈਂਕਾਂ ਨੂੰ ਇਕ ਵਿਲੱਖਣ ਕੋਡ ਫਾਰਮ ਵਿਚ ਸੰਦੇਸ਼ ਭੇਜਦਾ ਹੈ। ਇਹ ਅੰਤਰਰਾਸ਼ਟਰੀ ਲੈਣ-ਦੇਣ ਵਿਚ ਗਲਤੀ ਨੂੰ ਬਹੁਤ ਘੱਟ ਕਰਦਾ ਹੈ। ਇਸ ਦੀ ਸ਼ੁਰੂਆਤ ਸਾਲ 1977 ਵਿਚ ਕੀਤੀ ਗਈ ਸੀ। ਇਸ ਬੈਂਕਿੰਗ ਪ੍ਰਣਾਲੀ ਨਾਲ 200 ਤੋਂ ਵੱਧ ਦੇਸ਼ ਜੁੜੇ ਹੋਏ ਹਨ। ਸਵਿਫਟ ਦਾ ਮੁੱਖ ਦਫਤਰ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਵਿਚ ਹੈ। ਅੱਜ ਦੁਨੀਆ ਭਰ ਵਿਚ 11,000 ਤੋਂ ਵੱਧ ਬੈਂਕ ਅਤੇ ਸੰਸਥਾਵਾਂ ਸਵਿਫਟ ਬੈਂਕਿੰਗ ਪ੍ਰਣਾਲੀ ਨਾਲ ਜੁੜੇ ਹੋਏ ਹਨ। ਇਹ ਇਕ ਵੱਡਾ ਕਾਰਨ ਹੈ, ਜਿਸ ਕਾਰਨ ਇਸ ਨੂੰ ਗਲੋਬਲ ਟ੍ਰਾਂਜੈਕਸ਼ਨਾਂ ਦਾ ਵਟਸਐਪ ਕਿਹਾ ਜਾਂਦਾ ਹੈ। ਸਵਿਫਟ ਬੈਂਕਿੰਗ ਸਿਸਟਮ ਗਲੋਬਲ ਲੈਣ-ਦੇਣ ਦਾ ਪ੍ਰਬੰਧਨ ਕਰਨ ਲਈ ਕੰਮ ਕਰਦਾ ਹੈ।