
ਰਖੜੀ ਦੀ ਕਲਪਨਾ ਮਠਿਆਈਆਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਠਿਆਈਆਂ ਦਾ ਕਾਰੋਬਾਰ ਫਿੱਕਾ ਪੈ ਗਿਆ ਹੈ।
ਇੰਦੌਰ: ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰਖੜੀ ਦੀ ਕਲਪਨਾ ਮਠਿਆਈਆਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਠਿਆਈਆਂ ਦਾ ਕਾਰੋਬਾਰ ਫਿੱਕਾ ਪੈ ਗਿਆ ਹੈ। ਮਠਿਆਈ ਦੇ ਕਾਰੋਬਾਰੀਆਂ ਦੀ ਕੌਮੀ ਯੂਨੀਅਨ ਦਾ ਕਹਿਣਾ ਹੈ ਕਿ ਗਾਹਕਾਂ ਦੀ ਜੇਬ 'ਤੇ ਮਹਾਂਮਾਰੀ ਦੀ ਮਾਰ ਨਾਲ ਹੀ ਵੱਖ ਵੱਖ ਰਾਜਾਂ ਵਿਚ ਪ੍ਰਸ਼ਾਸਨ ਦੇ ਕਥਿਤ ਮਾੜੇ ਪ੍ਰਬੰਧਾਂ ਕਾਰਨ ਰਖੜੀ ਮੌਕੇ ਮਠਿਆਈਆਂ ਦੀ ਵਿਕਰੀ ਘੱਟ ਕੇ ਅੱਧੀ ਰਹਿ ਜਾਣ ਦਾ ਅਨੁਮਾਨ ਹੈ ਜਿਸ ਕਾਰਨ ਮਠਿਆਈ ਦੇ ਉਦਯੋਗ ਨੂੰ 5000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
Sweets
ਫ਼ੈਡਰੇਸ਼ਨ ਆਫ਼ ਸਵੀਟਸ ਐਂਡ ਨਮਕੀਨ ਮੈਨੂਫ਼ੈਕਚਰਜ਼ ਦੇ ਨਿਰਦੇਸ਼ਕ ਫ਼ਿਰੋਜ਼ ਐਚ ਨਕਵੀ ਨੇ ਕਿਹਾ, 'ਪਿਛਲੇ ਸਾਲ ਰਖੜੀ ਮੌਕੇ ਦੇਸ਼ ਭਰ ਵਿਚ ਲਗਭਗ 10 ਹਜ਼ਾਰ ਕਰੋੜ ਰੁਪਏ ਦੀਆਂ ਮਠਿਆਈਆਂ ਵਿਕੀਆਂ ਸਨ ਪਰ ਇਸ ਵਾਰ ਇਹ ਅੰਕੜਾ 5000 ਕਰੋੜ ਰੁਪਏ ਦੇ ਨੇੜੇ-ਤੇੜੇ ਰਹਿ ਸਕਦਾ ਹੈ।'
Raksha Bandhan
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਆਰਥਕ ਸੰਕਟ ਨੇ ਗਾਹਕਾਂ ਦੀ ਦੁਕਾਨਾਂ 'ਤੇ ਆਮਦ ਘਟਾ ਦਿਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਵੀ ਇਸ ਕਾਰੋਬਾਰ 'ਤੇ ਅਸਰ ਪਿਆ ਹੈ। ਜੇ ਸਰਕਾਰ ਅੱਜ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੰਦੀ ਹੈ ਤਾਂ ਦੂਜੇ ਦਿਨ ਮੁੜ ਤਾਲਾਬੰਦੀ ਦਾ ਐਲਾਨ ਕਰ ਦਿਤਾ ਜਾਂਦਾ ਹੈ ਜਿਸ ਕਾਰਨ ਤਿਉਹਾਰੀ ਮੰਗ ਮੁਤਾਬਕ ਮਠਿਆਈਆਂ ਦਾ ਸਟਾਕ ਨਹੀਂ ਕੀਤਾ ਜਾ ਸਕਿਆ।
Corona virus
ਨਕਵੀ ਨੇ ਕਿਹਾ, 'ਰਖੜੀ ਮੌਕੇ ਸਰਕਾਰੀ ਕੁਪ੍ਰਬੰਧ ਕਾਰਨ ਮਠਿਆਈ ਉਦਯੋਗ 'ਤੇ ਮਹਾਂਮਾਰੀ ਦੀ ਮਾਰ ਵੱਧ ਗਈ ਜਦਕਿ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਬਾਰੇ ਪ੍ਰਸ਼ਾਸਨ ਦੁਆਰਾ ਸਮੇਂ ਸਿਰ ਫ਼ੈਸਲਾ ਨਾ ਕਰ ਕੇ ਤਕਲੀਫ਼ ਘਟਾਈ ਜਾ ਸਕਦੀ ਸੀ। ਉਨ੍ਹਾਂ ਦਸਿਆ ਕਿ ਮੋਟੇ ਜਿਹੇ ਅਨੁਮਾਨ ਮੁਤਾਬਕ ਰਖੜੀ ਤੋਂ ਜਨਮ ਅਸ਼ਟਮੀ ਵਿਚਾਲੇ ਹੋਣ ਵਾਲਾ ਮਠਿਆਈ ਕਾਰੋਬਾਰ ਸਾਲ ਭਰ ਵਿਚ ਇਸ ਦੀ ਕੁਲ ਤਿਉਹਾਰੀ ਵਿਕਰੀ ਦਾ ਲਗਭਗ 25 ਫ਼ੀ ਸਦੀ ਹੁੰਦਾ ਹੈ।
Raksha Bandhan
ਉਨ੍ਹਾਂ ਮੰਗ ਕੀਤੀ ਕਿ ਦੇਸ਼ ਭਰ ਵਿਚ ਪ੍ਰਸ਼ਾਸਨ ਅਪਣੀ ਭੁੱਲ ਨੂੰ ਸੁਧਾਰਦਿਆਂ ਸਮੇਂ ਸਿਰ ਯੋਜਨਾ ਦਾ ਐਲਾਨ ਕਰੇ ਕਿ ਆਉਣ ਵਾਲੇ ਤਿਉਹਾਰਾਂ 'ਤੇ ਮਠਿਆਈਆਂ ਦੀਆਂ ਦੁਕਾਨਾਂ ਕਦੋਂ ਖੁਲ੍ਹਣਗੀਆਂ ਤਾਕਿ ਪਹਿਲਾਂ ਤਿਆਰੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇੰਦੌਰ ਵਿਚ ਸਨਿਚਰਵਾਰ ਰਾਤ ਤਕ ਸਪੱਸ਼ਟ ਨਹੀਂ ਸੀ ਕਿ ਦੁਕਾਨਾਂ ਖੁਲ੍ਹਣਗੀਆਂ ਜਾਂ ਨਹੀਂ।