
ਜੀਐਸਟੀ ਕੌਂਸਲ ਦੀ ਅੱਜ ਦਿੱਲੀ 'ਚ ਹੋਈ ਮੀਟਿੰਗ ਵਿਚ ਦੇਸ਼ 'ਚ ਡਿਜੀਟਲ ਪੇਮੈਂਟ ਪ੍ਰਫੁਲਤ ਕਰਨ ਲਈ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ............
ਨਵੀਂ ਦਿੱਲੀ : ਜੀਐਸਟੀ ਕੌਂਸਲ ਦੀ ਅੱਜ ਦਿੱਲੀ 'ਚ ਹੋਈ ਮੀਟਿੰਗ ਵਿਚ ਦੇਸ਼ 'ਚ ਡਿਜੀਟਲ ਪੇਮੈਂਟ ਪ੍ਰਫੁਲਤ ਕਰਨ ਲਈ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਸਰਕਾਰ ਨੇ ਡਿਜੀਟਲ ਪੇਮੈਂਟ 'ਤੇ ਜੀਐਸਟੀ 'ਚ 20 ਫ਼ੀ ਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਮੀਡੀਆ 'ਚ ਸੰਬੋਧਤ ਕੀਤਾ ਅਤੇ ਸਰਕਾਰੀ ਫ਼ੈਸਲੇ ਦੀ ਜਾਣਕਾਰੀ ਦਿਤੀ। ਸਰਕਾਰ ਦੇ ਫ਼ੈਸਲੇ ਤਹਿਤ ਪਾਇਲਟ ਪ੍ਰੋਜੈਕਟ ਤਹਿਤ ਡਿਜੀਟਲ ਪੇਮੈਂਟ 'ਚ ਜੀਐਸਟੀ 'ਤੇ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਉਪਭੋਗਤਾਵਾਂ ਨੂੰ ਕੈਸ਼ਬੈਕ ਦੇ ਰੂਪ 'ਚ ਮਿਲੇਗੀ।
ਹਾਲਾਂ ਕਿ ਇਹ ਛੋਟ ਸਿਰਫ਼ ਯੂਪੀਆਈ, ਬੀਐਚਆਈਐਮ ਐਪ, ਯੂਐਸਐਸਡੀ ਅਤੇ ਰੁਪੇਅ ਕਾਰਡ ਤੋਂ ਪੇਮੈਂਟ ਕਰਨ 'ਤੇ ਹੀ ਮਿਲੇਗੀ। ਨਾਲ ਹੀ ਜ਼ਿਆਦਾਤਰ ਛੋਟ 100 ਰੁਪਏ ਦੀ ਹੀ ਮਿਲ ਸਕੇਗੀ। ਸਰਕਾਰ ਦਾ ਮੰਨਣਾ ਹੈ ਕਿ ਯੂਪੀਆਈ, ਭੀਮ ਅਤੇ ਰੁਪੇ ਦੀ ਦੇਸ਼ ਦੇ ਮੱਧ ਵਰਗ ਦੇ ਲੋਕਾਂ ਅਤੇ ਪੇਂਡੂ ਇਲਾਕਿਆਂ 'ਚ ਜ਼ਿਆਦਾ ਵਰਤੋਂ ਹੁੰਦੀ ਹੈ, ਜਿਸ ਨਾਲ ਇਸ ਦਾ ਫ਼ਾਇਦਾ ਦੇਸ਼ ਦੇ ਘੱਟ ਆਮਦਨ ਵਾਲੇ ਲੋਕਾਂ ਨੂੰ ਮਿਲੇਗਾ। (ਏਜੰਸੀ)