ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਾਲ ਅਤੇ ਸੇਵਾ ਕਰ ਨੂੰ ਆਮ ਜਨਤਾ ਅਤੇ ਛੋਟੇ ਵਪਾਰੀਆਂ ਲਈ ਨੁਕਸਾਨਦੇਹ ਦਸਦਿਆਂ .........
ਅਮੇਠੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਾਲ ਅਤੇ ਸੇਵਾ ਕਰ ਨੂੰ ਆਮ ਜਨਤਾ ਅਤੇ ਛੋਟੇ ਵਪਾਰੀਆਂ ਲਈ ਨੁਕਸਾਨਦੇਹ ਦਸਦਿਆਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਮਗਰੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਜਨਤਾ ਦੀ ਆਮ ਲੋੜ ਨਾਲ ਜੁੜੀਆਂ ਚੀਜ਼ਾਂ ਨੁੰ ਜੀਐਸਟੀ ਦੇ ਦਾਇਰੇ ਵਿਚੋਂ ਬਾਹਰ ਕੀਤਾ ਜਾਵੇਗਾ। ਰਾਹੁਲ ਨੇ ਅਪਣੇ ਸੰਸਦੀ ਖੇਤਰ ਅਮੇਠੀ ਦੇ ਦੂਜੇ ਅਤੇ ਅੰਤਮ ਦਿਨ ਕਿਸਾਨਾਂ ਦੀ ਸੱਥ ਵਿਚ ਕਿਹਾ ਕਿ ਜੀਐਸਟੀ ਨਾਲ ਆਮ ਜਨਤਾ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਛੋਟੇ ਵਪਾਰੀਆਂ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ, 'ਕਾਂਗਰਸ ਦੀ ਨੀਤੀ ਬਿਲਕੁਲ ਸਾਫ਼ ਹੈ। ਜਿਉਂ ਹੀ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਜੀਐਸਟੀ ਨੂੰ ਬਦਲਾਂਗੇ। ਇਕ ਕਰ ਹੋਵੇਗਾ। ਲੋਕ ਜਿਹੜੀਆਂ ਚੀਜ਼ਾਂ ਵਰਤ ਰਹੇ ਹਨ, ਉਨ੍ਹਾਂ ਨੂੰ ਅਸੀਂ ਜੀਐਸਟੀ ਦੇ ਦਾਇਰੇ ਵਿਚੋਂ ਕੱਢਾਂਗੇ। ਪਟਰੌਲ-ਡੀਜ਼ਲ ਨੂੰ ਅਸੀਂ ਜੀਐਸਟੀ ਦੇ ਦਾਇਰੇ ਵਿਚ ਲੈ ਕੇ ਆਵਾਂਗੇ।' ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਸਰਕਾਰ ਹਿੰਦੁਸਤਾਨ ਦੇ ਸੱਭ ਤੋਂ ਅਮੀਰ 15 ਲੋਕਾਂ ਦਾ ਦੋ ਲੱਖ ਕਰੋੜ ਰੁਪਏ ਦਾ ਇਕ ਸਾਲ ਵਿਚ ਕਰਜ਼ਾ ਮਾਫ਼ ਕਰ ਸਕਦੀ ਹੈ ਤਾਂ ਫਿਰ ਉਹ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਕਰ ਸਕਦੀ ਹੈ। ਹਾਲ ਹੀ ਵਿਚ ਕਰਨਾਟਕ ਸਰਕਾਰ ਨੇ ਅਜਿਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿਰਫ਼ ਕਿਸਾਨਾਂ ਦਾ ਕਰਜ਼ਾ ਮਾਫ਼ ਕਰੇ। ਜੇ ਅਮੀਰ ਲੋਕਾਂ ਦਾ ਕਰਜ਼ਾ ਮਾਫ਼ ਕਰ ਰਹੇ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਵਿਚ ਕੀ ਸਮੱਸਿਆ ਹੈ? ਰਾਹੁਲ ਨੇ ਅਮੇਠੀ ਵਿਚ ਫ਼ੂਡ ਪਾਰਕ ਬਣਾਉਣ ਦੀ ਅਪਣੀ ਪਿਛਲੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਵਿਚ ਜਦ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ ਉਹ ਅਮੇਠੀ ਵਿਚ ਫ਼ੂਡ ਪਾਰਕ ਬਣਾਉਣਾ ਚਾਹੁੰਦੀ ਸੀ ਪਰ ਮੋਦੀ ਜੀ ਦੀ ਸਰਕਾਰ ਨੇ ਅਮੇਠੀ ਵਿਚੋਂ ਫ਼ੂਡ ਪਾਰਕ ਖੋਹ ਲਿਆ। (ਏਜੰਸੀ)