
Akash Missile News: ਦੋਵਾਂ ਦੇਸ਼ਾਂ ਨਾਲ ਹੋ ਰਹੀ ਗੱਲਬਾਤ ਨੂੰ ਭਾਰਤ ਦੀ ਰਖਿਆ ਨਿਰਯਾਤ ਨੀਤੀ ਲਈ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਨਵੀਂ ਦਿੱਲੀ: ਭਾਰਤ ਦੀ ਸਵਦੇਸੀ ਆਕਾਸ ਮਿਜਾਈਲ ਸਿਸਟਮ ਹੁਣ ਸਿਰਫ਼ ਭਾਰਤੀ ਫ਼ੌਜਾਂ ਤਕ ਸੀਮਤ ਨਹੀਂ ਰਹੇਗਾ। ਇਸ ਦੀ ਮੰਗ ਦੱਖਣ ਪੂਰਬੀ ਏਸ਼ੀਆ ਤੋਂ ਲੈ ਕੇ ਖਾੜੀ ਦੇਸ਼ਾਂ ਤਕ ਤੇਜ਼ੀ ਨਾਲ ਵਧ ਰਹੀ ਹੈ, ਜਿਥੇ ਭਾਰਤ ਨੇ ਫਿਲੀਪੀਨਜ਼ ਨਾਲ ਆਕਾਸ਼ ਮਿਜ਼ਾਈਲ ਸਿਸਟਮ ਦੇ ਸੌਦੇ ਨੂੰ ਅੰਤਮ ਰੂਪ ਦੇਣ ਦੀ ਤਿਆਰੀ ਕਰ ਲਈ ਹੈ, ਉਥੇ ਹੁਣ ਇਸ ਨੇ ਸੰਯੁਕਤ ਅਰਬ ਅਮੀਰਾਤ ਨੂੰ ਵੀ ਇਸ ਦਾ ਪ੍ਰਸਤਾਵ ਦੇ ਦਿਤਾ ਹੈ। ਦੋਵਾਂ ਦੇਸ਼ਾਂ ਨਾਲ ਹੋ ਰਹੀ ਗੱਲਬਾਤ ਨੂੰ ਭਾਰਤ ਦੀ ਰਖਿਆ ਨਿਰਯਾਤ ਨੀਤੀ ਲਈ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਭਾਰਤ ਅਤੇ ਫਿਲੀਪੀਨਜ਼ ਵਿਚਕਾਰ ਇਹ ਸੰਭਾਵਿਤ ਸੌਦਾ ਲਗਭਗ 200 ਮਿਲੀਅਨ ਡਾਲਰ (ਲਗਭਗ 1,660 ਕਰੋੜ ਰੁਪਏ) ਦਾ ਹੋ ਸਕਦਾ ਹੈ। 2022 ਵਿੱਚ ਬ੍ਰਹਮੋਸ ਮਿਜ਼ਾਈਲ ਸੌਦੇ ਤੋਂ ਬਾਅਦ ਇਹ ਭਾਰਤ ਦਾ ਫਿਲੀਪੀਨਜ਼ ਨੂੰ ਦੂਜਾ ਵੱਡਾ ਰਖਿਆ ਨਿਰਯਾਤ ਹੋਵੇਗਾ। ਉਸ ਸਮੇਂ, ਦੋਵਾਂ ਦੇਸ਼ਾਂ ਵਿਚਕਾਰ 375 ਮਿਲੀਅਨ ਡਾਲਰ ਦਾ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸੌਦਾ ਹੋਇਆ ਸੀ।
ਦੱਖਣੀ ਚੀਨ ਸਾਗਰ ਵਿਚ ਚੀਨ ਨਾਲ ਵਧਦੇ ਤਣਾਅ ਦੇ ਵਿਚਕਾਰ, ਫਿਲੀਪੀਨਜ਼ ਅਪਣੀ ਫ਼ੌਜ ਅਤੇ ਹਵਾਈ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਫ਼ਰਵਰੀ 2025 ਵਿਚ, ਫਿਲੀਪੀਨਜ਼ ਦੇ ਚੀਫ਼ ਆਫ਼ ਸਟਾਫ਼ ਜਨਰਲ ਰੋਮੀਓ ਬ੍ਰੌਨਰ ਨੇ ਬ੍ਰਹਮੋਸ ਮਿਜ਼ਾਈਲ ਤੋਂ ਇਲਾਵਾ ਪਣਡੁੱਬੀਆਂ ਅਤੇ ਨਵੇਂ ਹਥਿਆਰ ਪ੍ਰਣਾਲੀਆਂ ਖਰੀਦਣ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ।
ਫਿਲੀਪੀਨਜ਼ ਅਪ੍ਰੈਲ 2025 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਵਿਚ ਆਰਡਰ ਦੇ ਸਕਦਾ ਹੈ। ਸੂਤਰਾਂ ਅਨੁਸਾਰ, ਫਿਲੀਪੀਨਜ਼ ਦਾ ਆਰਡਰ ਅਰਮੀਨੀਆ ਨਾਲੋਂ ਵੱਡਾ ਹੋ ਸਕਦਾ ਹੈ। ਇਸ ਦੇ ਮੁਕਾਬਲੇ, ਅਰਮੀਨੀਆ ਨੇ 720 ਮਿਲੀਅਨ ਡਾਲਰ ਵਿਚ 15 ਸਿਸਟਮ ਖਰੀਦੇ, ਜਦਕਿ ਫਿਲੀਪੀਨਜ਼ ਦਾ ਸੌਦਾ 4 ਤੋਂ 5 ਪੂਰੀਆਂ ਬੈਟਰੀਆਂ ਲਈ ਹੋ ਸਕਦਾ ਹੈ, ਜਿਸ ਵਿਚ ਰਾਡਾਰ, ਲਾਂਚਰ ਅਤੇ ਮਿਜ਼ਾਈਲਾਂ ਸ਼ਾਮਲ ਹੋਣਗੀਆਂ।
ਭਾਰਤ ਨੇ ਹੁਣ ਸੰਯੁਕਤ ਅਰਬ ਅਮੀਰਾਤ ਨੂੰ ਵੀ ਆਕਾਸ਼ ਮਿਜ਼ਾਈਲ ਸਿਸਟਮ ਦੇਣ ਦਾ ਪ੍ਰਸਤਾਵ ਰਖਿਆ ਹੈ। ਇਸ ਪ੍ਰਸਤਾਵ ’ਤੇ ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਦੁਬਈ ਦੇ ਕ੍ਰਾਊਨ ਪਿ੍ਰੰਸ ਸੇਖ ਹਮਦਾਨ ਵਿਚਕਾਰ ਹੋਈ ਮੀਟਿੰਗ ਵਿਚ ਚਰਚਾ ਕੀਤੀ ਗਈ। ਦੋਵੇਂ ਦੇਸ਼ ਫ਼ੌਜੀ ਟ੍ਰੇਨਿੰਗ, ਟ੍ਰੇਨਿੰਗ, ਰਖਿਆ ਉਤਪਾਦਨ, ਸਾਂਝੇ ਪ੍ਰਾਜੈਕਟਾਂ ਅਤੇ ਤਕਨੀਕੀ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ ਹਨ।
ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਯੂਏਈ ਨਾਲ ਅਪਣੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਮੇਕ ਇਨ ਇੰਡੀਆ ਅਤੇ ਮੇਕ ਇਨ ਅਮੀਰਾਤ ਵਰਗੀਆਂ ਯੋਜਨਾਵਾਂ ਤਹਿਤ, ਦੋਵੇਂ ਦੇਸ਼ ਰਖਿਆ ਉਤਪਾਦਨ ਵਿਚ ਇਕੱਠੇ ਕੰਮ ਕਰ ਸਕਦੇ ਹਨ। ਭਾਰਤ ਪਹਿਲਾਂ ਹੀ ਅਰਮੀਨੀਆ ਨੂੰ ਆਕਾਸ਼, ਪਿਨਾਕਾ ਅਤੇ 155 ਐਮਐਮ ਤੋਪਾਂ ਭੇਜ ਚੁੱਕਾ ਹੈ ਅਤੇ ਹੁਣ ਖਾੜੀ ਅਤੇ ਆਸੀਆਨ ਦੇਸ਼ਾਂ ਤਕ ਵੀ ਅਪਣੇ ਰਖਿਆ ਉਤਪਾਦਾਂ ਦੀ ਪਹੁੰਚ ਵਧਾ ਰਿਹਾ ਹੈ।
ਆਕਾਸ਼ ਸਿਸਟਮ 2014 ਤੋਂ ਭਾਰਤੀ ਹਵਾਈ ਸੈਨਾ ਅਤੇ 2015 ਤੋਂ ਭਾਰਤੀ ਫ਼ੌਜ ਦਾ ਹਿੱਸਾ ਰਿਹਾ ਹੈ। ਅਰਮੀਨੀਆ ਨੂੰ ਨਵੰਬਰ 2024 ਵਿਚ ਅਪਣੀ ਪਹਿਲੀ ਬੈਟਰੀ ਵੀ ਦਿਤੀ ਗਈ ਸੀ, ਜਿਸ ਦੀ ਕੀਮਤ ਲਗਭਗ 230 ਮਿਲੀਅਨ ਡਾਲਰ ਸੀ। ਬ੍ਰਾਜ਼ੀਲ, ਮਿਸਰ ਅਤੇ ਵੀਅਤਨਾਮ ਵਰਗੇ ਦੇਸ਼ਾਂ ਨੇ ਵੀ ਇਸ ਵਿਚ ਦਿਲਚਸਪੀ ਵਿਖਾਈ ਹੈ।