
45 ਮਿੰਟ ਲਈ ਰੋਕਣਾ ਪਿਆ ਸ਼ੇਅਰ ਬਜ਼ਾਰ ਦਾ ਕਾਰੋਬਾਰ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਹਾਂਮਾਰੀ ਐਲਾਨ ਹੋਣ ਮਗਰੋਂ ਦੁਨੀਆ ਭਰ ਦੇ ਸ਼ੇਅਰ ਬਜ਼ਾਰਾਂ ਵਿਚ ਗਿਰਾਵਟ ਦਾ ਅਸਰ ਭਾਰਤ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ੇਅਰ ਬਜ਼ਾਰ ਵਿਚ ਵੀਰਵਾਰ ਨੂੰ ਲੋਅਰ ਸਰਕਟ ਲਗਦੇ ਲਗਦੇ ਬਚਿਆ। ਬਜ਼ਾਰ ਵਾਰ-ਵਾਰ ਲੋਅਰ ਸਰਕਟ ਯਾਨੀ 10 ਫ਼ੀਸਦੀ ਗਿਰਾਵਟ ਦੇ ਨੇੜੇ ਪਹੁੰਚ ਗਿਆ ਸੀ ਪਰ ਗ਼ਨੀਮਤ ਰਹੀ ਕਿ ਹਰ ਵਾਰ ਉਹ ਰਿਕਵਰ ਹੁੰਦਾ ਗਿਆ।
Sensex
ਇਸ ਗਿਰਾਵਟ ਨੂੰ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਗਿਰਾਵਟਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਵੀਰਵਾਰ ਨੂੰ ਨਿਫਟੀ ਜੁਲਾਈ 2017 ਤੋਂ ਬਾਅਦ ਪਹਿਲੀ ਵਾਰ 9600 ਦੇ ਪੱਧਰ ਤੋਂ ਹੇਠਾਂ ਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਦੇ ਕੁੱਝ ਮਿੰਟਾਂ ਵਿਚ 10 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ, ਜਿਸ ਕਾਰਨ ਨਿਫਟੀ ਦਾ ਕਾਰੋਬਾਰ 45 ਮਿੰਟ ਲਈ ਬੰਦ ਕਰ ਦਿੱਤਾ ਗਿਆ। ਹਾਲਾਂਕਿ ਜਦੋਂ ਸ਼ੇਅਰ ਬਜ਼ਾਰ ਦੁਬਾਰਾ ਖੁੱਲ੍ਹਿਆ ਤਾਂ ਨਿਫਟੀ ਵਿਚ ਹੌਲੀ-ਹੌਲੀ ਮਜ਼ਬੂਤੀ ਦਿਖਦੀ ਗਈ।
Photo
ਬਜ਼ਾਰ ਖੁੱਲ੍ਹਦੇ ਹੀ ਬੀਐਸਈ ਸੰਸੈਕਸ 3090 ਅੰਕ ਤਕ ਡਿੱਗ ਗਿਆ ਅਤੇ 29687 ਦੇ ਪੱਧਰ 'ਤੇ ਆ ਗਿਆ। ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਵਿਚ 966 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ 8624 ਦੇ ਪੱਧਰ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੇਅਰ ਬਜ਼ਾਰ ਵਿਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ।
Photo
ਸੰਸੈਕਸ ਵਿਚ 3100 ਅੰਕਾਂ ਦੀ ਗਿਰਾਵਟ ਆਈ ਸੀ ਅਤੇ ਨਿਵੇਸ਼ਕਾਂ ਦੇ 11.30 ਲੱਖ ਕਰੋੜ ਰੁਪਏ ਸੁਆਹ ਹੋ ਗਏ ਸਨ। ਖ਼ੈਰ ਵੀਰਵਾਰ ਨੂੰ ਕਾਰੋਬਾਰ ਵਿਚ ਤਾਂ ਲੋਅਰ ਸਰਕਟ ਨਹੀਂ ਲੱਗਿਆ ਪਰ ਸੰਸੈਕਸ ਵਿਚ ਸ਼ੁੱਕਰਵਾਰ ਨੂੰ 9.43 ਫ਼ੀਸਦੀ ਦੀ ਗਿਰਾਵਟ ਦੇ ਬਾਅਦ ਹੀ ਲੋਅਰ ਸਰਕਟ ਲਗਾ ਦਿੱਤਾ ਗਿਆ ਅਤੇ 45 ਮਿੰਟ ਲਈ ਕਾਰੋਬਾਰ ਬੰਦ ਕਰ ਦਿੱਤਾ ਗਿਆ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੀ ਹੁੰਦਾ ਹੈ ਲੋਅਰ ਸਰਕਟ?
Sensex
ਸ਼ੇਅਰ ਵਿਚ ਜੇਕਰ 10 ਫੀਸਦੀ ਜਾਂ ਉਸ ਤੋਂ ਜ਼ਿਆਦਾ ਦਾ ਫੇਰਬਦਲ ਹੋ ਜਾਂਦਾ ਹਨ ਤਾਂ ਕਾਰੋਬਾਰ ਇਕ ਨਿਸ਼ਚਿਤ ਸਮੇਂ ਲਈ ਰੋਕ ਦਿੱਤਾ ਜਾਂਦਾ ਹੈ। ਜੇਕਰ ਇਹ ਬਦਲਾਅ ਗਿਰਾਵਟ ਦੀ ਵਜ੍ਹਾ ਨਾਲ ਆਉਂਦਾ ਹੈ ਤਾਂ ਉਸ ਨੂੰ ਲੋਅਰ ਸਰਕਟ ਕਹਿੰਦੇ ਹਨ ਅਤੇ ਜੇਕਰ ਇਹ ਬਦਲਾਅ ਵਾਧੇ ਦੇ ਕਾਰਨ ਆਉਂਦੈ ਤਾਂ ਉਸ ਨੂੰ ਅਪਰ ਸਰਕਟ ਕਹਿੰਦੇ ਹਨ। ਦਿਨ ਦੇ ਵੱਖ-ਵੱਖ ਸਮੇਂ ਦੇ ਹਿਸਾਬ ਨਾਲ ਵੱਖ-ਵੱਖ ਸਮੇਂ ਲਈ ਬਜ਼ਾਰ ਬੰਦ ਹੁੰਦੇ ਹਨ।
ਨਾਲ ਹੀ ਗਿਰਾਵਟ ਦੇ ਹਿਸਾਬ ਨਾਲ ਵੀ ਇਹ ਤੈਅ ਕੀਤਾ ਜਾਂਦਾ ਹੈ ਕਿ ਕਿੰਨੀ ਦੇਰ ਲਈ ਬਜ਼ਾਰ ਬੰਦ ਹੋਵੇਗਾ ਜਾਂ ਫਿਰ ਪੂਰੇ ਦਿਨ ਲਈ ਬਜ਼ਾਰ ਬੰਦ ਕੀਤਾ ਜਾਵੇਗਾ। ਸੰਸੈਕਸ ਦੇ ਇਤਿਹਾਸ ਵਿਚ ਹੁਣ ਤਕ 4 ਵਾਰ ਲੋਅਰ ਸਰਕਟ ਲੱਗ ਚੁੱਕਿਆ ਹੈ। ਆਓ ਤੁਹਾਨੂੰ ਦੱਸਦੇ ਆਂ ਕਿ ਉਹ ਕਿਹੜੇ ਕਿਹੜੇ ਮੌਕੇ ਸਨ ਜਦੋਂ ਸ਼ੇਅਰ ਬਜ਼ਾਰ ਵਿਚ ਲੋਅਰ ਸਰਕਟ ਲੱਗਿਆ?
Sensex
ਸਭ ਤੋਂ ਪਹਿਲਾ ਮੌਕਾ 21 ਦਸੰਬਰ 1990 ਵਿਚ ਆਇਆ ਸੀ ਜਦੋਂ ਸੰਸੈਕਸ ਵਿਚ 16.19 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਗਿਰਾਵਟ ਤੋਂ ਬਾਅਦ ਸ਼ੇਅਰ ਬਜ਼ਾਰ 1034.96 ਦੇ ਪੱਧਰ 'ਤੇ ਪਹੁੰਚ ਗਿਆ ਸੀ। ਸ਼ੇਅਰ ਬਜ਼ਾਰ ਦਾ ਇਤਿਹਾਸ ਦੇਖ ਕੇ ਪਤਾ ਚਲਦਾ ਹੈ ਕਿ ਸੰਸੈਕਸ ਵਿਚ ਦੂਜੀ ਸਭ ਤੋਂ ਵੱਡੀ ਗਿਰਾਵਟ 28 ਅਪ੍ਰੈਲ 1992 ਵਿਚ ਆਈ ਸੀ। ਉਸ ਸਮੇਂ ਸੰਸੈਕਸ ਵਿਚ 12.77 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਉਸ ਦਿਨ ਸ਼ੇਅਰ ਬਜ਼ਾਰ 3896.90 ਦੇ ਪੱਧਰ 'ਤੇ ਬੰਦ ਹੋਇਆ ਸੀ। ਤੀਜਾ ਮੌਕਾ 17 ਮਈ 2004 ਵਿਚ ਆਇਆ ਜਦੋਂ ਸ਼ੇਅਰ ਬਜ਼ਾਰ ਵਿਚ 11.14 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉਦੋਂ ਸ਼ੇਅਰ ਬਜ਼ਾਰ 4505.16 ਦੇ ਪੱਧਰ 'ਤੇ ਜਾ ਕੇ ਬੰਦ ਹੋਇਆ ਸੀ। ਵੀਰਵਾਰ ਵਰਗੀ ਗਿਰਾਵਟ ਇਸ ਤੋਂ ਪਹਿਲਾਂ 2008 ਵਿਚ ਦੇਖੀ ਗਈ ਸੀ, ਜਦੋਂ 24 ਅਕਤੂਬਰ 2008 ਨੂੰ ਸੰਸੈਕਸ ਵਿਚ 10.96 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
Sensex
ਉਸ ਦਿਨ ਸ਼ੇਅਰ ਬਜ਼ਾਰ 8701.07 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਗਿਰਾਵਟ ਦਾ ਅਸਰ ਚਹੁੰਤਰਫ਼ਾ ਦੇਖਣ ਨੂੰ ਮਿਲ ਰਿਹਾ ਹੈ। ਜੇ ਗੱਲ ਕਰੀਏ ਆਟੋ ਸੈਕਟਰ ਦੀ ਤਾਂ ਇਨ੍ਹਾਂ ਕੰਪਨੀਆਂ ਵਿਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਐ। ਮਾਰੂਤੀ ਅਤੇ ਟੈਕ ਮਹਿੰਦਰਾ ਦੇ ਸ਼ੇਅਰ 10 ਫ਼ੀਸਦੀ ਤਕ ਡਿੱਗ ਗਏ ਹਨ। ਭਾਰਤ ਤੋਂ ਇਲਾਵਾ ਏਸ਼ੀਆ ਦੇ ਕਈ ਬਜ਼ਾਰਾਂ ਵਿਚ 10 ਫ਼ੀਸਦੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਕੱਚੇ ਤੇਲ ਦੀਆਂ ਕੀਮਤਾਂ ਵਿਚ ਵੀ ਭਾਰੀ ਗਿਰਾਵਟ ਆਈ ਹੈ। 1991 ਦੇ ਬਾਅਦ ਤੋਂ ਕੱਚੇ ਤੇਲ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਗਿਰਾਵਟ ਦਾ ਦੌਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ਵੀ 2008 ਮਗਰੋਂ ਸਭ ਤੋਂ ਹੇਠਲੇ ਪੱਧਰ 'ਤੇ ਆਈਆਂ ਹੋਈਆਂ ਹਨ। ਫਿਲਹਾਲ ਬ੍ਰੈਂਟ ਕਰੂਡ 34.21 ਡਾਲਰ ਪ੍ਰਤੀ ਬੈਰਲ 'ਤੇ ਪੱਧਰ 'ਤੇ ਹੈ।
sensex
ਬਜ਼ਾਰ ਵਿਚ ਗਿਰਾਵਟ ਦੇ ਦੌਰ ਨੂੰ ਦੇਖਦਿਆਂ ਬੀਤੇ ਕੁੱਝ ਦਿਨਾਂ ਤੋਂ ਸੋਨੇ ਵਿਚ ਨਿਵੇਸ਼ ਕਰ ਰਹੇ ਸਨ ਪਰ ਹੁਣ ਸੋਨੇ ਵਿਚ ਵੀ ਗਿਰਾਵਟ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਰੁਪਈਆ ਵੀ 16 ਪੈਸੇ ਦੀ ਗਿਰਾਵਟ ਦੇ ਨਾਲ ਖੁੱਲ੍ਹਿਆ ਜੋ ਡਾਲਰ ਦੇ ਮੁਕਾਬਲੇ 74.41 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ। ਅਕਤੂਬਰ 2018 ਤੋਂ ਬਾਅਦ ਰੁਪਏ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ।
ਦਰਅਸਲ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਵਿਚ ਜਦੋਂ ਵੀ ਹਾਹਾਕਾਰ ਮਚਦੀ ਹੈ ਤਾਂ ਬਲੈਕ ਫਰਾਈਡੇ ਦੇ ਉਸ ਦਿਨ ਨੂੰ ਲੈ ਕੇ ਸਰਚ ਸ਼ੁਰੂ ਹੋ ਜਾਂਦੀ ਹੈ, ਜਦੋਂ 13 ਅਕਤੂਬਰ 1989 ਨੂੰ ਸ਼ੁੱਕਰਵਾਰ ਵਾਲੇ ਦਿਨ ਅਮਰੀਕੀ ਸ਼ੇਅਰ ਵਿਚ ਕੋਹਰਾਮ ਮਚਿਆ ਸੀ, ਅੱਜ ਵੀ 13 ਤਾਰੀਕ ਹੈ ਅਤੇ ਨਾਲ ਹੀ ਸ਼ੁੱਕਰਵਾਰ ਵੀ। 13 ਅਕਤੂਬਰ 1989 ਨੂੰ ਅਮਰੀਕੀ ਸ਼ੇਅਰ ਬਜ਼ਾਰ ਵਿਚ ਵੱਡੀ ਗਿਰਾਵਟ ਆਈ ਸੀ। ਇਸ ਦੇ ਬਾਅਦ ਤੋਂ ਹੀ ਬਹੁਤ ਸਾਰੇ ਲੋਕ ਇਸ ਨੂੰ ਬਲੈਕ ਫਰਾਈਡੇ ਕਹਿਣ ਲੱਗੇ।
Sensex
ਭਾਵੇਂ ਕਿ ਗਿਰਾਵਟ ਦੇ ਨਾਲ ਖੁੱਲ੍ਹਣ ਮਗਰੋਂ ਸ਼ੇਅਰ ਬਜ਼ਾਰ ਵਿਚ ਸੰਸੈਕਸ ਅਤੇ ਨਿਫਟੀ ਦੋਵਾਂ ਨੇ ਹੀ ਪੂਰੀ ਗਿਰਾਵਟ ਨੂੰ ਰਿਕਵਰ ਕਰ ਲਿਆ ਪਰ ਆਰਥਿਕ ਮਾਹਿਰਾਂ ਦਾ ਮੰਨਣੈ ਕਿ ਸ਼ੇਅਰ ਬਜ਼ਾਰ ਵਿਚ ਗਿਰਾਵਟ ਅਜੇ ਖ਼ਤਮ ਨਹੀਂ ਹੋਈ, ਉਨ੍ਹਾਂ ਦਾ ਮੰਨਣਾ ਹੈ ਕਿ ਇਹ ਗਿਰਾਵਟ ਅਜੇ ਅੱਗੇ ਵੀ ਜਾਰੀ ਰਹੇਗੀ।
ਵੀਰਵਾਰ ਨੂੰ ਹੀ ਭਾਰਤੀ ਰਿਜ਼ਰਵ ਬੈਂਕ ਨੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸ਼ੇਅਰ ਬਜ਼ਾਰ ਦੀ ਗਿਰਾਵਟ ਨੂੰ ਦੇਖਦੇ ਹੋਏ ਇਕ ਅਹਿਮ ਐਲਾਨ ਕੀਤਾ ਸੀ, ਜਿਸ ਵਿਚ ਕਰੰਸੀ ਲੈਣ ਦੇਣ ਦੇ ਤਹਿਤ ਦੋ ਅਰਬ ਡਾਲਰ ਦੇ ਕਰਾਰਾਂ ਦੀ ਨਿਲਾਮੀ ਹੋਵੇਗੀ। ਉਂਝ ਤਾਂ ਇਸ ਦੀ ਪਹਿਲੀ ਨਿਲਾਮੀ ਸੋਮਵਾਰ ਨੂੰ ਹੋਣੀ ਹੈ ਪਰ ਜੇ ਇਹ ਫ਼ੈਸਲਾ ਨਿਵੇਸ਼ਕਾਂ ਵਿਚ ਕੁੱਝ ਭਰੋਸਾ ਜਗਾਉਣ ਵਿਚ ਕਾਮਯਾਬ ਰਿਹਾ ਤਾਂ ਟ੍ਰੇਡਿੰਗ 'ਤੇ ਇਸ ਦਾ ਚੰਗਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ ਨਿਵੇਸ਼ਕਾਂ ਵਿਚ ਅਜੇ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।