
ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਅਟਲ ਪੈਂਸ਼ਨ ਯੋਜਨਾ ਵਿਚ ਨਿਵੇਸ਼ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਨਵੀਂ ਦਿੱਲੀ: ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਅਟਲ ਪੈਂਸ਼ਨ ਯੋਜਨਾ ਵਿਚ ਨਿਵੇਸ਼ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੈਂਸ਼ਨ ਫੰਡ ਰੇਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਅਟਲ ਪੈਂਸ਼ਨ ਯੋਜਨਾ ਲਈ ਆਟੋ ਡੈਬਿਟ ਦੀ ਸਹੂਲਤ ‘ਤੇ 30 ਜੂਨ 2020 ਤੱਕ ਰੋਕ ਲਗਾ ਦਿੱਤੀ ਹੈ। ਇਸ ਸਕੀਮ ਵਿਚ ਮਾਸਿਕ ਜਾਂ ਤਿਮਾਹੀ ਦੇ ਅਧਾਰ ‘ਤੇ ਭੁਗਤਾਨ ਕੀਤਾ ਜਾ ਰਿਹਾ ਹੈ।
Photo
ਪੀਐਫਆਰਡੀਏ ਨੇ ਅਪਣੇ ਸਰਕੂਲਰ ਵਿਚ ਕਿਹਾ, ਕੋਵਿਡ-19 ਮਹਾਮਾਰੀ ਨੇ ਸਮਾਜ ਦੇ ਹਰ ਤਬਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦਾ ਅਸਰ ਸਭ ਤੋਂ ਜ਼ਿਆਦਾ ਗਰੀਬਾਂ ‘ਤੇ ਪਿਆ ਹੈ। ਅਟਲ ਪੈਂਸ਼ਨ ਯੋਜਨਾ ਦੇ ਜ਼ਿਆਦਾਤਰ ਗਾਹਕ ਸਮਾਜ ਦੇ ਹੇਠਲੇ ਤਬਕੇ ਦੇ ਹਨ। ਲੌਕਡਾਊਨ ਤੋਂ ਪਹਿਲਾਂ ਅਤੇ ਲੌਕਡਾਊਨ ਤੋਂ ਬਾਅਦ ਸਭ ਤੋਂ ਜ਼ਿਆਦਾ ਅਸਰ ਇਹਨਾਂ ‘ਤੇ ਹੀ ਹੋਵੇਗਾ।
Photo
ਅਜਿਹੀ ਸਥਿਤੀ ਵਿਚ ਉਹਨਾਂ ਲਈ ਇਸ ਸਕੀਮ ਵਿਚ ਭੁਗਤਾਨ ਜਾਰੀ ਰੱਖਣਾ ਮੁਸ਼ਕਿਲ ਹੋ ਸਕਦਾ ਹੈ। ਇਸ ਲਈ ਪੀਐਫਆਰਡੀਏ ਨੇ ਫੈਸਲਾ ਕੀਤਾ ਹੈ ਕਿ ਬੱਚਤ ਖਾਤੇ ਨਾਲ ਅਟਲ ਪੈਂਸ਼ਨ ਯੋਜਨਾ ਵਿਚ ਆਟੋ-ਡੇਬਿਟਿੰਗ ਨੂੰ 30 ਜੂਨ 2020 ਤੱਕ ਰੋਕ ਦਿੱਤਾ ਜਾਵੇ। ਇਸ ਤੋਂ ਪਹਿਲਾਂ ਪਿਛਲੇ ਹਫਤੇ ਪੀਐਫਆਰਡੀਏ ਨੇ ਨੈਸ਼ਨਲ ਪੈਂਸ਼ਨ ਸਕੀਮ ਖਾਤਾਧਾਰਕਾਂ ਨੂੰ ਕੋਵਿਡ-19 ਦੇ ਉਪਚਾਰ ਸਬੰਧਿਤ ਖਰਚਿਆਂ ਲਈ ਅੰਸ਼ਿਕ ਨਿਕਾਸੀ ਦੀ ਇਜਾਜ਼ਤ ਦਿੱਤੀ। ਪਰ ਪੀਐਫਆਰਡੀਏ ਨੇ ਸਪੱਸ਼ਟ ਕੀਤਾ ਕਿ ਅੰਸ਼ਿਕ ਨਿਕਾਸੀ ਦੀ ਸਹੂਲਤ ਅਟਲ ਪੈਂਸ਼ਨ ਯੋਜਨਾ ਦੇ ਖਾਤਾਧਾਰਕਾਂ ਲਈ ਨਹੀਂ ਹੋਵੇਗੀ।
Photo
ਪੀਐਫਆਰਡੀਏ ਨੇ ਕਿਹਾ ਕਿ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਮੌਜੂਦਾ ਸਮੇਂ ਵਿਚ ਏਪੀਵਾਈ ਦੇ ਖਾਤਾਧਾਰਕਾਂ ਲਈ ਅੰਸ਼ਕ ਰੂਪ ਵਿਚ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਐਨਪੀਐਸ ਅਤੇ ਏਪੀਵਾਈ ਪੀਐਫਆਰਡੀਏ ਦੀਆਂ ਦੋ ਵੱਡੀਆਂ ਪੈਨਸ਼ਨ ਸਕੀਮਾਂ ਹਨ। ਐਨਪੀਐਸ ਅਤੇ ਏਪੀਵਾਈ ਦੇ ਅਧੀਨ ਖਾਤਾ ਧਾਰਕਾਂ ਦੀ ਕੁਲ ਗਿਣਤੀ 31 ਮਾਰਚ ਤੱਕ 3.46 ਕਰੋੜ ਸੀ। ਪੀਐਫਆਰਡੀਏ ਦੇ ਅੰਕੜਿਆਂ ਅਨੁਸਾਰ ਇਸ ਵਿਚੋਂ ਏਪੀਵਾਈ ਦੇ ਖਾਤਾ ਧਾਰਕਾਂ ਦੀ ਗਿਣਤੀ 2.11 ਕਰੋੜ ਸੀ।
Photo
ਪੀਐਫਆਰਡੀਏ ਨੇ ਇਹ ਵੀ ਕਿਹਾ ਹੈ ਕਿ ਜੇਕਰ ਏਪੀਵਾਈ ਦੇ ਗਾਹਕ 1 ਜੁਲਾਈ ਤੋਂ 20 ਜਾਂ 30 ਸਤੰਬਰ 2020 ਦੇ ਵਿਚਕਾਰ ਰਾਸ਼ੀ ਜਮ੍ਹਾ ਕਰਵਾ ਕੇ ਆਪਣੇ ਏਪੀਵਾਈ ਖਾਤੇ ਨੂੰ ਨਿਯਮਤ ਕਰਦੇ ਹਨ, ਤਾਂ ਕੋਈ ਪੈਨਲ ਵਿਆਜ ਨਹੀਂ ਲਿਆ ਜਾਵੇਗਾ। ਹਾਲਾਂਕਿ ਗਾਹਕਾਂ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਏਪੀਵਾਈ ਵਿਚ 30 ਜੂਨ ਤਕ ਹੋਣ ਵਾਲਾ ਯੋਗਦਾਨ 1 ਜੁਲਾਈ ਤੋਂ 30 ਸਤੰਬਰ ਦੇ ਵਿਚਕਾਰ ਕੀਤਾ ਜਾਵੇ। ਇਸ ਦੇ ਨਾਲ ਹੀ ਜੁਲਾਈ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ਦਾ ਯੋਗਦਾਨ ਵੀ ਇਕੋ ਸਮੇਂ ਕੀਤਾ ਜਾਣਾ ਚਾਹੀਦਾ ਹੈ।