
ਬੈਂਕ ਦਾ ਮੀਡੀਆ ਕੰਪਨੀ ਵੱਲ ਹੈ 149.60 ਕਰੋੜ ਰੁਪਏ ਬਕਾਇਆ
ਨਵੀਂ ਦਿੱਲੀ: ਆਈ.ਡੀ.ਬੀ.ਆਈ. ਬੈਂਕ ਨੇ ਮੀਡੀਆ ਕੰਪਨੀ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿ.(ZEEL) ਖ਼ਿਲਾਫ਼ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਕੋਲ ਪਹੁੰਚ ਕੀਤੀ ਹੈ। ਬੈਂਕ ਦਾ ਕੰਪਨੀ ਵੱਲ 149.60 ਕਰੋੜ ਰੁਪਏ ਬਕਾਇਆ ਹੈ। ਮੀਡੀਆ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਕਿ ਆਈ.ਡੀ.ਬੀ.ਆਈ. ਬੈਂਕ ਨੇ 149.60 ਕਰੋੜ ਰੁਪਏ ਦੇ ਬਕਾਏ ਦਾ ਦਾਅਵਾ ਕੀਤਾ ਹੈ, ਜਿਸ ਨੂੰ ਲੈ ਕੇ ਵਿਵਾਦ ਹੈ।
ਜਾਣਕਾਰੀ ਅਨੁਸਾਰ ਆਈ.ਡੀ.ਬੀ.ਆਈ. ਬੈਂਕ ਨੇ ਵਿੱਤੀ ਕਰਜ਼ਦਾਤਾ ਹੋਣ ਦਾ ਦਾਅਵਾ ਕਰਦੇ ਹੋਏ ਦੀਵਾਲੀਆਪਨ ਅਤੇ ਦਿਵਾਲੀਆ ਕੋਡ 2016 ਦੇ ਤਹਿਤ NCLT ਅੱਗੇ ਇਕ ਅਰਜ਼ੀ ਦਾਇਰ ਕੀਤੀ ਹੈ। ਅਰਜ਼ੀ ਵਿਚ ਮੀਡੀਆ ਕੰਪਨੀ ਖਿਲਾਫ਼ ਦੀਵਾਲੀਆਪਨ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।
ਜ਼ੀ ਐਂਟਰਟੇਨਮੈਂਟ ਨੇ ਕਿਹਾ, ''ਬੈਂਕ ਦਾ ਕਥਿਤ ਦਾਅਵਾ ਸਿਟੀ ਨੈੱਟਵਰਕਸ ਲਿਮਟਿਡ ਵੱਲੋਂ ਪ੍ਰਾਪਤ ਵਿੱਤੀ ਸਹੂਲਤ ਲਈ ਬੈਂਕ ਅਤੇ ਕੰਪਨੀ ਵਿਚਕਾਰ ਕਰਜ਼ਾ ਸੇਵਾ ਰਿਜ਼ਰਵ ਸਮਝੌਤੇ ਨਾਲ ਸਬੰਧਤ ਹੈ।'' ਕੰਪਨੀ ਨੇ ਕਿਹਾ ਕਿ ਉਹ ਕਥਿਤ ਬਕਾਏ ਅਤੇ ਉਸ ਦੀ ਵਸੂਲੀ ਲਈ ਬੈਂਕ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਦਾ ਵਿਰੋਧ ਕਰ ਰਹੀ ਹੈ।
ਸਿਟੀ ਨੈੱਟਵਰਕ ਪਹਿਲਾਂ ਸਿਟੀ ਕੇਬਲ ਨੈੱਟਵਰਕ ਵਜੋਂ ਜਾਣਿਆ ਜਾਂਦਾ ਸੀ। ਇਹ ਏਸਸੇਲ ਗਰੁੱਪ ਦਾ ਇਕ ਹਿੱਸਾ ਹੈ। ਕੰਪਨੀ 580 ਸਥਾਨਾਂ ਅਤੇ ਉਹਨਾਂ ਦੇ ਆਸਪਾਸ ਦੇ ਖੇਤਰਾਂ ਵਿਚ 1.13 ਕਰੋੜ ਡਿਜੀਟਲ ਗਾਹਕਾਂ ਨੂੰ ਕੇਬਲ ਸੇਵਾਵਾਂ ਪ੍ਰਦਾਨ ਕਰਦੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ 'ਚ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ ਲਿ. (HDFC) ਨੇ 296 ਕਰੋੜ ਰੁਪਏ ਦੇ ਕਥਿਤ ਡਿਫਾਲਟ ਲਈ ਸਿਟੀ ਨੈੱਟਵਰਕ ਲਿਮਟਡ ਖਿਲਾਫ NCLT 'ਚ ਅਰਜ਼ੀ ਦਾਇਰ ਕੀਤੀ ਸੀ।