
ਭਾਰਤ ਅਤੇ ਕੈਨੇਡਾ ਦੋਵੇਂ ਵੱਖ-ਵੱਖ ਉਤਪਾਦਾਂ ਦਾ ਵਪਾਰ ਕਰਦੇ ਹਨ, ਦੋਹਾਂ ਦੀ ਬਰਾਬਰ ਉਤਪਾਦਾਂ ’ਤੇ ਮੁਕਾਬਲੇਬਾਜ਼ੀ ਨਹੀਂ ਹੈ
ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਵਿਚਕਾਰ ਤਣਾਅਪੂਰਨ ਸਫ਼ਾਰਤੀ ਸਬੰਧਾਂ ਦਾ ਅਸਰ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ’ਤੇ ਪੈਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਆਰਥਕ ਸਬੰਧ ਕਾਰੋਬਾਰੀ ਵਿਚਾਰਾਂ ਤੋਂ ਪ੍ਰੇਰਿਤ ਹੁੰਦੇ ਹਨ। ਮਾਹਰਾਂ ਨੇ ਇਹ ਗੱਲ ਕਹੀ। ਭਾਰਤ ਅਤੇ ਕੈਨੇਡਾ ਦੋਵੇਂ ਵੱਖ-ਵੱਖ ਉਤਪਾਦਾਂ ਦਾ ਵਪਾਰ ਕਰਦੇ ਹਨ। ਦੋਹਾਂ ਦੀ ਬਰਾਬਰ ਉਤਪਾਦਾਂ ’ਤੇ ਮੁਕਾਬਲੇਬਾਜ਼ੀ ਨਹੀਂ ਹੈ।
ਗਲੋਬਲ ਟਰੇਡ ਰੀਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ.) ਦੇ ਸਹਿ-ਸੰਸਥਾਪਕ ਅਜੈ ਸ੍ਰੀਵਾਸਤਵ ਨੇ ਕਿਹਾ, ‘‘ਇਸ ਲਈ, ਵਪਾਰ ਸਬੰਧ ਵਧਦੇ ਰਹਿਣਗੇ ਅਤੇ ਦਿਨ-ਪ੍ਰਤੀਦਿਨ ਦੀਆਂ ਘਟਨਾਵਾਂ ਤੋਂ ਪ੍ਰਭਾਵਤ ਨਹੀਂ ਹੋਣਗੇ।’’
ਕੁਝ ਸਿਆਸੀ ਘਟਨਾਵਾਂ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਖੁੱਲ੍ਹਾ ਵਪਾਰ ਸਮਝੌਤੇ ’ਤੇ ਗੱਲਬਾਤ ਰੁਕ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸਤੰਬਰ ਨੂੰ ਕੈਨੇਡਾ ਦੇ ਅਪਣੇ ਹਮਰੁਤਬਾ ਜਸਟਿਨ ਟਰੂਡੋ ਨੂੰ ਕੈਨੇਡਾ ’ਚ ਕੱਟੜਪੰਥੀ ਤੱਤਾਂ ਦੀਆਂ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀ ਚਿੰਤਾ ਤੋਂ ਜਾਣੂ ਕਰਵਾਇਆ ਸੀ ਜੋ ਵੱਖਵਾਦ ਨੂੰ ਹੱਲਾਸ਼ੇਰੀ ਦੇ ਰਹੇ ਹਨ, ਦੇਸ਼ ਦੇ ਸਫ਼ੀਰਾਂ ਵਿਰੁਧ ਹਿੰਸਾ ਭੜਕਾ ਰਹੇ ਹਨ ਅਤੇ ਉਥੇ ਸਾਰੇ ਭਾਰਤੀ ਭਾਈਚਾਰੇ ਨੂੰ ਧਮਕੀਆਂ ਦੇ ਰਹੇ ਹਨ।
ਸ਼੍ਰੀਵਾਸਤਵ ਨੇ ਕਿਹਾ ਕਿ ਹਾਲੀਆ ਘਟਨਾਵਾਂ ਤੋਂ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਸਬੰਧ, ਵਪਾਰਕ ਆਰਥਕ ਸਬੰਧਾਂ ’ਤੇ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ।
ਭਾਰਤ ਅਤੇ ਕੈਨੇਡਾ ਵਿਚਕਾਰ ਦੁਵੱਲਾ ਵਪਾਰ ਪਿਛਲੇ ਕੁਝ ਸਾਲਾਂ ’ਚ ਕਾਫ਼ੀ ਵਧਿਆ ਹੈ, ਜੋ 2022-23 ’ਚ 8.16 ਅਰਬ ਅਮਰੀਕੀ ਡਾਲਰ ਤਕ ਪਹੁੰਚ ਗਿਆ।
ਕੈਨੇਡਾ ਨੂੰ ਭਾਰਤ ਦੇ ਨਿਰਯਾਤ (4.1 ਅਰਬ ਅਮਰੀਕੀ ਡਾਲਰ) ’ਚ ਦਵਾਈਆਂ, ਰਤਨ, ਗਹਿਣੇ, ਕਪੜਾ ਅਤੇ ਮਸ਼ੀਨਰੀ ਸ਼ਾਮਲ ਹਨ, ਜਦੋਂ ਕਿ ਭਾਰਤ ਨੂੰ ਕੈਨੇਡਾ ਦੇ ਨਿਰਯਾਤ (4.06 ਅਰਬ ਅਮਰੀਕੀ ਡਾਲਰ) ’ਚ ਦਾਲਾਂ, ਲੱਕੜ, ਲੁਦਗੀ, ਕਾਗਜ਼ ਅਤੇ ਮਾਈਨਿੰਗ ਉਤਪਾਦ ਸ਼ਾਮਲ ਹਨ।
ਨਿਵੇਸ਼ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਦੀ ਵੱਡੀ ਮਾਰਕੀਟ ਅਤੇ ਨਿਵੇਸ਼ ’ਤੇ ਵਧੀਆ ਰਿਟਰਨ ਹੋਣ ਕਾਰਨ ਕੈਨੇਡੀਅਨ ਪੈਨਸ਼ਨ ਫੰਡ ਭਾਰਤ ’ਚ ਨਿਵੇਸ਼ ਕਰਨਾ ਜਾਰੀ ਰਖਣਗੇ।
ਮੁੰਬਈ ਸਥਿਤ ਨਿਰਯਾਤਕ ਅਤੇ ਟੈਕਨੋਕ੍ਰਾਫਟ ਇੰਡਸਟਰੀਜ਼ ਦੇ ਚੇਅਰਮੈਨ ਸ਼ਰਦ ਕੁਮਾਰ ਸਰਾਫ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੀ ਮੌਜੂਦਾ ਸਥਿਤੀ ਯਕੀਨੀ ਤੌਰ ’ਤੇ ਚਿੰਤਾ ਦਾ ਕਾਰਨ ਹੈ। ਸਰਾਫ ਨੇ ਕਿਹਾ, ‘‘ਹਾਲਾਂਕਿ, ਦੁਵੱਲਾ ਵਪਾਰ ਪੂਰੀ ਤਰ੍ਹਾਂ ਵਪਾਰਕ ਵਿਚਾਰਾਂ ਰਾਹੀਂ ਚਲਾਇਆ ਜਾਂਦਾ ਹੈ। ਸਫ਼ਾਰਤੀ ਉਥਲ-ਪੁਥਲ ਦੀ ਕਿਸਮ ਅਸਥਾਈ ਹੈ ਅਤੇ ਵਪਾਰਕ ਸਬੰਧਾਂ ਨੂੰ ਪ੍ਰਭਾਵਤ ਕਰਨ ਦੇ ਕਾਰਨ ਵਜੋਂ ਨਹੀਂ ਵਰਤੀ ਜਾਣੀ ਚਾਹੀਦੀ।’’ ਉਨ੍ਹਾਂ ਕਿਹਾ ਕਿ ਚੀਨ ਨਾਲ ਭਾਰਤ ਦੇ ਸਬੰਧ ਵੀ ਤਣਾਅਪੂਰਨ ਹਨ ਪਰ ਦੁਵੱਲਾ ਵਪਾਰ ਚੰਗਾ ਚੱਲ ਰਿਹਾ ਹੈ।