ਸਿਖਲਾਈ ਦੌਰਾਨ ਗਗਨਯਾਤਰੀਆਂ ਨੂੰ ‘ਸਪੇਸਐਕਸ ਡ੍ਰੈਗਨ’ ਪੁਲਾੜ ਯਾਨ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੀਆਂ ਵੱਖ-ਵੱਖ ਪ੍ਰਣਾਲੀਆਂ ਦੇ ਸੰਪਰਕ ’ਚ ਲਿਆਂਦਾ ਗਿਆ
ਬੇਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਹੈ ਕਿ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐਸ.ਐਸ.) ਲਈ ਐਕਸੀਓਮ-4 ਮਿਸ਼ਨ ਲਈ ਚੁਣੇ ਗਏ ਦੋ ਭਾਰਤੀ ਪੁਲਾੜ ਮੁਸਾਫ਼ਰਾਂ ਨੇ ਸਿਖਲਾਈ ਦਾ ਸ਼ੁਰੂਆਤੀ ਪੜਾਅ ਪੂਰਾ ਕਰ ਲਿਆ ਹੈ।
ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਇਸਰੋ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸਾਂਝੇ ਯਤਨਾਂ ਨੂੰ ਪੂਰਾ ਕਰਨ ਲਈ ‘ਐਕਸੀਓਮ ਮਿਸ਼ਨ 4’ ਲਈ ਚੁਣੇ ਗਏ ਦੋ ਗਗਨਮੁਸਾਫ਼ਰਾਂ (ਪ੍ਰਾਈਮ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅਤੇ ਬੈਕ-ਅੱਪ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ) ਨੇ ਅਗੱਸਤ 2024 ਦੇ ਪਹਿਲੇ ਹਫਤੇ ਤੋਂ ਅਮਰੀਕਾ ’ਚ ਅਪਣੀ ਸਿਖਲਾਈ ਸ਼ੁਰੂ ਕਰ ਦਿਤੀ ਸੀ।
ਇਸ ’ਚ ਕਿਹਾ ਗਿਆ ਹੈ ਕਿ ਗਗਨਯਾਤਰੀਆਂ ਨੇ ਸਿਖਲਾਈ ਦੇ ਸ਼ੁਰੂਆਤੀ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਪੁਲਾੜ ਏਜੰਸੀ ਨੇ ਕਿਹਾ ਕਿ ਸਿਖਲਾਈ ਦੇ ਇਸ ਪੜਾਅ ’ਚ ਗਗਨਯਾਤਰੀਆਂ ਨੇ ਸ਼ੁਰੂਆਤੀ ਸਿਖਲਾਈ ਗਤੀਵਿਧੀਆਂ ਪੂਰੀਆਂ ਕਰ ਲਈਆਂ ਹਨ, ਜਿਨ੍ਹਾਂ ’ਚ ਮਿਸ਼ਨ ਦੀਆਂ ਜ਼ਮੀਨੀ ਸਹੂਲਤਾਂ ਦਾ ਦੌਰਾ, ਮਿਸ਼ਨ ਦੇ ਲਾਂਚ ਪੜਾਵਾਂ ਦਾ ਸ਼ੁਰੂਆਤੀ ਨਿਰੀਖਣ, ਸਪੇਸਐਕਸ ਸੂਟਾਂ ਦੀ ਜਾਂਚ ਕਰਨਾ ਅਤੇ ਪੁਲਾੜ ਖੁਰਾਕ ਦੇ ਵਿਕਲਪਾਂ ਦੀ ਚੋਣ ਕਰਨਾ ਸ਼ਾਮਲ ਹੈ।
ਇਸ ਤੋਂ ਇਲਾਵਾ, ਸਿਖਲਾਈ ਦੌਰਾਨ, ਗਗਨਮੁਸਾਫ਼ਰਾਂ ਨੂੰ ਵੱਖ-ਵੱਖ ਸੈਸ਼ਨਾਂ ’ਚ ‘ਸਪੇਸਐਕਸ ਡ੍ਰੈਗਨ’ ਪੁਲਾੜ ਯਾਨ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੀਆਂ ਵੱਖ-ਵੱਖ ਪ੍ਰਣਾਲੀਆਂ ਦੇ ਸੰਪਰਕ ’ਚ ਲਿਆਂਦਾ ਗਿਆ। ਉਨ੍ਹਾਂ ਨੂੰ ਫੋਟੋਗ੍ਰਾਫੀ, ਰੋਜ਼ਾਨਾ ਸੰਚਾਲਨ ਰੁਟੀਨ ਅਤੇ ਪੁਲਾੜ ਤੋਂ ਸੰਚਾਰ ਪ੍ਰੋਟੋਕੋਲ ਬਾਰੇ ਜਾਣਕਾਰੀ ਦਿਤੀ ਗਈ।
ਪੁਲਾੜ ਏਜੰਸੀ ਨੇ ਕਿਹਾ ਕਿ ਇਸ ਪੜਾਅ ’ਚ ਮੈਡੀਕਲ ਐਮਰਜੈਂਸੀ ਸਮੇਤ ਪੁਲਾੜ ’ਚ ਵੱਖ-ਵੱਖ ਤਰ੍ਹਾਂ ਦੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਸਿਖਲਾਈ ਦਿਤੀ ਗਈ। ਇਸ ਤੋਂ ਇਲਾਵਾ, ਸਿਖਲਾਈ ਮੁੱਖ ਤੌਰ ’ਤੇ ਪੁਲਾੜ ਸਟੇਸ਼ਨ ਦੇ ਯੂ.ਐਸ. ਆਰਬਿਟਲ ਸੈਕਸ਼ਨ ਦੇ ਬਾਕੀ ਮਾਡਿਊਲਾਂ ’ਤੇ ਕੇਂਦ੍ਰਤ ਹੋਵੇਗੀ। ਇਸ ਤੋਂ ਇਲਾਵਾ ਮਾਈਕਰੋਗ੍ਰੈਵਿਟੀ ਵਾਤਾਵਰਣ ’ਚ ਵਿਗਿਆਨਕ ਖੋਜ ਪ੍ਰਯੋਗ ਕਰਨ ਦੇ ਮਿਸ਼ਨ ਦੌਰਾਨ ਸਿਖਲਾਈ ਵੀ ਦਿਤੀ ਜਾਵੇਗੀ।