
ਜੇਜੇਪੀ ਨੇ ਹਿਸਾਰ ਲੋਕ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੀ ਨੈਨਾ ਚੌਟਾਲਾ ਨੂੰ ਟਿਕਟ ਦਿਤੀ ਹੈ।
Haryana News: ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ। ਇਸ ਵਿਚ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਜੇਜੇਪੀ ਨੇ ਹਿਸਾਰ ਲੋਕ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੀ ਨੈਨਾ ਚੌਟਾਲਾ ਨੂੰ ਟਿਕਟ ਦਿਤੀ ਹੈ। ਨੈਨਾ ਚੌਟਾਲਾ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਚੌਟਾਲਾ ਦੀ ਪਤਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਮਾਂ ਹੈ। ਨੈਨਾ ਦਾ ਮੁਕਾਬਲਾ ਹਿਸਾਰ ਤੋਂ ਅਪਣੇ ਚਾਚਾ ਅਤੇ ਸਹੁਰੇ ਰਣਜੀਤ ਚੌਟਾਲਾ ਨਾਲ ਹੋਵੇਗਾ। ਰਣਜੀਤ ਚੌਟਾਲਾ ਭਾਜਪਾ ਦੀ ਟਿਕਟ 'ਤੇ ਹਿਸਾਰ ਤੋਂ ਉਮੀਦਵਾਰ ਹਨ।
ਭਿਵਾਨੀ ਮਹਿੰਦਰਗੜ੍ਹ ਸੀਟ ਤੋਂ ਸਾਬਕਾ ਵਿਧਾਇਕ ਰਾਓ ਬਹਾਦਰ ਸਿੰਘ ਨੂੰ ਟਿਕਟ ਦਿਤੀ ਗਈ ਹੈ। ਰਾਓ ਬਹਾਦੁਰ ਕਾਂਗਰਸ ਛੱਡ ਕੇ ਜੇਜੇਪੀ ਵਿਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਅਜੈ ਚੌਟਾਲਾ ਨੇ ਅਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ।
ਹਰਿਆਣਵੀ ਗਾਇਕ ਰਾਹੁਲ ਯਾਦਵ ਫਾਜ਼ਿਲਪੁਰੀਆ ਨੂੰ ਗੁਰੂਗ੍ਰਾਮ ਤੋਂ ਟਿਕਟ ਦਿਤੀ ਗਈ ਹੈ। ਫਾਜ਼ਿਲਪੁਰੀਆ ਬਿੱਗ ਬੌਸ ਦੇ ਜੇਤੂ ਯੂਟਿਊਬਰ ਐਲਵਿਸ਼ ਯਾਦਵ ਦੇ ਕਰੀਬੀ ਹਨ। ਹਾਲਾਂਕਿ ਉਨ੍ਹਾਂ ਦਾ ਨਾਂ ਐਲਵਿਸ਼ ਯਾਦਵ ਨਾਲ ਜੁੜੇ ਵਿਵਾਦਾਂ 'ਚ ਜੁੜ ਗਿਆ ਹੈ। ਜੇਜੇਪੀ ਦੇ ਨੌਜਵਾਨ ਨੇਤਾ ਨਲਿਨ ਹੁੱਡਾ ਨੂੰ ਫਰੀਦਾਬਾਦ ਤੋਂ ਟਿਕਟ ਦਿਤੀ ਗਈ ਹੈ। ਸਿਰਸਾ ਸੀਟ ਤੋਂ ਤਿੰਨ ਵਾਰ ਵਿਧਾਇਕ ਰਮੇਸ਼ ਖਟਕ ਨੂੰ ਉਮੀਦਵਾਰ ਬਣਾਇਆ ਗਿਆ ਹੈ।