
ਕਿਹਾ, “ਜੀਜੇ ਅਤੇ ਦੋਸਤਾਂ ਦੀ ਹਤਿਆ ਵਿਚ ਨਫੇ ਰਾਠੀ ਨੇ ਮਨਜੀਤ ਮਾਹਲ ਨੂੰ ਦਿਤਾ ਸੀ ਸਮਰਥਨ”
Nafe Singh's murder Case: ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਨੇ ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬੀਤੀ ਸ਼ਾਮ ਨੰਦੂ ਨੇ ਸੋਸ਼ਲ ਮੀਡੀਆ 'ਤੇ ਦਸਿਆ ਕਿ ਇਹ ਕਤਲ ਉਸ ਦੇ ਵਿਰੋਧੀ ਗੈਂਗਸਟਰ ਮਨਜੀਤ ਮਾਹਲ ਨੂੰ ਸਮਰਥਨ ਦੇਣ ਲਈ ਕੀਤਾ ਗਿਆ ਸੀ। ਪਿਛਲੇ ਸਾਲ ਨੰਦੂ ਨੇ ਮਨਜੀਤ ਦਾ ਸਮਰਥਨ ਕਰਨ 'ਤੇ ਭਾਜਪਾ ਕਿਸਾਨ ਮੋਰਚਾ ਦੇ ਅਧਿਕਾਰੀ ਸੁਰਿੰਦਰ ਮਟਿਆਲਾ ਦਾ ਵੀ ਕਤਲ ਕਰ ਦਿਤਾ ਸੀ। ਇਸ ਤੋਂ ਇਲਾਵਾ ਦਿੱਲੀ ਪੁਲਿਸ ਇਸ ਮਾਮਲੇ ਵਿਚ ਸਿਆਸੀ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਨੰਦੂ ਇਸ ਸਮੇਂ ਯੂਕੇ ਵਿਚ ਲੁਕਿਆ ਹੋਇਆ ਹੈ। ਉਥੋਂ ਹੀ ਉਹ ਅਪਣਾ ਗਰੋਹ ਚਲਾ ਰਿਹਾ ਹੈ।
ਪੁਲਿਸ ਮੁਤਾਬਕ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪਾਈ ਇਕ ਪੋਸਟ 'ਚ ਨੰਦੂ ਨੇ ਕਿਹਾ ਹੈ ਕਿ 'ਨਫੇ ਸਿੰਘ ਰਾਠੀ ਦਾ ਐਤਵਾਰ ਨੂੰ ਕਤਲ ਹੋਇਆ ਸੀ, ਮੈਂ ਕਰਵਾਇਆ ਹੈ। ਇਸ ਦਾ ਕਾਰਨ ਨਫੇ ਅਤੇ ਮਨਜੀਤ ਮਾਹਲ ਦੀ ਗੂੜੀ ਦੋਸਤੀ ਸੀ। ਮਨਜੀਤ ਭਾਈ ਸੰਜੇ ਨਾਲ ਮਿਲ ਕੇ ਜਾਇਦਾਦ 'ਤੇ ਕਬਜ਼ਾ ਕਰਨ ਦਾ ਕੰਮ ਕਰਦਾ ਸੀ, ਜੋ ਵੀ ਮੇਰੇ ਦੁਸ਼ਮਣ ਨਾਲ ਹੱਥ ਮਿਲਾਏਗਾ ਉਸ ਨੂੰ ਉਸੇ ਤਰ੍ਹਾਂ ਦੇ ਨਤੀਜੇ ਭੁਗਤਣੇ ਪੈਣਗੇ। ਇਨ੍ਹਾਂ ਲੋਕਾਂ ਨੇ ਮੇਰੇ ਜੀਜਾ ਅਤੇ ਦੋਸਤ ਦੇ ਕਤਲ ਵਿਚ ਮਾਹਲ ਦਾ ਸਾਥ ਦਿਤਾ ਸੀ। ਮੈਂ ਉਨ੍ਹਾਂ ਦੀ ਦੋਸਤੀ ਦੀ ਇਕ ਫੋਟੋ ਨਾਲ ਪਾ ਰਿਹਾ ਹਾਂ, ਜੋ ਵੀ ਮੇਰੇ ਦੁਸ਼ਮਣ ਦਾ ਸਮਰਥਨ ਕਰੇਗਾ, 50 ਗੋਲੀਆਂ ਉਸ ਦਾ ਇੰਤਜ਼ਾਰ ਕਰਨਗੀਆਂ। ਸੱਤਾ ਵਿਚ ਰਹਿੰਦਿਆਂ ਨਫੇ ਸਿੰਘ ਨੇ ਕਿੰਨੇ ਲੋਕ ਮਾਰੇ ਅਤੇ ਜਾਇਦਾਦਾਂ ਜ਼ਬਤ ਕੀਤੀਆਂ, ਇਸ ਬਾਰੇ ਸਾਰਾ ਬਹਾਦਰਗੜ੍ਹ ਜਾਣਦਾ ਹੈ, ਪਰ ਕੋਈ ਕੁੱਝ ਨਹੀਂ ਕਹਿ ਸਕਿਆ। ਪੁਲਿਸ ਜੋ ਹੁਣ ਏਨੀ ਸਰਗਰਮ ਹੈ, ਜੇਕਰ ਮੇਰੇ ਜੀਜੇ ਅਤੇ ਦੋਸਤ ਦੇ ਕਤਲ ਸਮੇਂ ਸਰਗਰਮ ਹੁੰਦੀ ਤਾਂ ਮੈਨੂੰ ਅਪਰਾਧ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ’।
ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੰਦੂ ਨੇ ਭਾਜਪਾ ਆਗੂ ਸੁਰਿੰਦਰ ਮਟਿਆਲ ਦੇ ਕਤਲ ਸਮੇਂ ਵੀ ਅਜਿਹੀ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਸੀ। ਬਾਅਦ ਵਿਚ ਦਵਾਰਕਾ ਜ਼ਿਲ੍ਹਾ ਪੁਲਿਸ ਅਤੇ ਅਪਰਾਧ ਸ਼ਾਖਾ ਨੇ ਅਪਰਾਧ ਵਿਚ ਸ਼ਾਮਲ ਸਾਰੇ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ। ਨਫੇ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਲਈ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਤਾਇਨਾਤ ਹਨ। ਇਹ ਟੀਮਾਂ ਸਿਆਸੀ ਸਬੰਧਾਂ ਦੀ ਵੀ ਜਾਂਚ ਕਰ ਰਹੀਆਂ ਹਨ। ਇਸ ਦੇ ਨਾਲ ਹੀ ਨੰਦੂ ਦੀ ਪੋਸਟ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 25 ਫਰਵਰੀ ਨੂੰ ਬਹਾਦਰਗੜ੍ਹ ਵਿਚ ਨਫੇ ਸਿੰਘ ਰਾਠੀ ਦਾ ਕਤਲ ਕਰ ਦਿਤਾ ਗਿਆ ਸੀ। ਉਸ ਦੀ ਕਾਰ 'ਤੇ 50 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਜਿਸ ਵਿਚ ਰਾਠੀ ਦੇ ਇਕ ਦੋਸਤ ਦੀ ਵੀ ਮੌਤ ਹੋ ਗਈ। ਸ਼ੂਟਰ ਸਫੇਦ ਰੰਗ ਦੀ ਆਈ-20 ਕਾਰ 'ਚ ਆਏ ਸਨ, ਹਾਲਾਂਕਿ ਕਾਰ 'ਤੇ ਸਕੂਟੀ ਦਾ ਨੰਬਰ ਲੱਗਿਆ ਹੋਇਆ ਸੀ। ਝੱਜਰ ਦੇ ਐਸਪੀ ਅਰਪਿਤ ਨੇ ਕਿਹਾ ਕਿ ਅਸੀਂ ਕਾਤਲਾਂ ਦੇ ਬਹੁਤ ਨੇੜੇ ਆ ਗਏ ਹਾਂ। ਜਾਂਚ ਲਈ 7 ਪੁਲਿਸ ਟੀਮਾਂ ਅਤੇ ਇਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ।