
ਹਿਊਸਟਨ, 6 ਨਵੰਬਰ: ਟੈਕਸਾਸ ਵਿਚ ਬਣੇ ਚਰਚ ਦੇ ਬਾਹਰ ਨਕਾਬਪੋਸ਼ ਵਿਅਕਤੀ ਨੇ ਗੋਲੀਬਾਰੀ ਕਰ ਕੇ 26 ਵਿਅਕਤੀਆਂ ਨੂੰ ਖ਼ਤਮ ਕਰ ਦਿਤਾ ਅਤੇ 20 ਹੋਰਾਂ ਨੂੰ ਜ਼ਖ਼ਮੀ ਕਰ ਦਿਤਾ। ਟੈਕਸਾਸ ਦੇ ਗਵਰਨਰ ਗ੍ਰੇਗ ਅਬਾਟ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਮੌਤਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਜਨਤਕ ਸੁਰੱÎਖਿਆ ਵਿਭਾਗ ਦੇ ਬੁਲਾਰੇ ਫ਼੍ਰੀਮੈਨ ਮਾਰਟਿਨ ਨੇ ਕਿਹਾ ਕਿ ਮ੍ਰਿਤਕਾਂ ਵਿਚ ਮਰਨ ਵਾਲਿਆਂ ਦੀ ਉਮਰ ਪੰਜ ਤੋਂ 72 ਸਾਲ ਦੇ ਵਿਚਾਲੇ ਹੈ ਅਤੇ ਮ੍ਰਿਤਕਾਂ ਵਿਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦਸਿਆ ਕਿ ਹਮਲਾਵਾਰ ਕੋਮਲ ਕਾਊਂਟੀ ਤੋਂ ਆਇਆ ਸੀ। ਇਹ ਖੇਤਰ ਸੈਨ ਐਂਟੋਨੀਓ ਦੇ ਉੱਤਰ ਪੂਰਬ ਵਿਚ ਸਥਿਤ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਨੇ ਚਰਚ ਦੇ ਨੇੜੇ ਆ ਕੇ ਲੋਕਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ।
ਹਮਲਾਵਰ ਨੇ ਅੱਜ ਸਵੇਰੇ 11:20 ਵਜੇ ਹਮਲਾ ਕਰ ਦਿਤਾ, ਉਸ ਨੇ ਮੂੰਹ ਢਕਿਆ ਹੋਇਆ ਸੀ ਅਤੇ ਕਾਲੀ ਪੁਸ਼ਾਕ ਪਾਈ ਹੋਈ ਸੀ। ਹਮਲਾਵਰ ਨੇ ਚਰਚ ਦੇ ਅੰਦਰ ਆ ਕੇ ਵੀ ਗੋਲੀਬਾਰੀ ਕੀਤੀ। ਬਾਅਦ ਵਿਚ ਉਹ ਗੌਡਾਲੂਪੇ ਕਾਊਂਟੀ ਵਿਚ ਅਪਣੇ ਵਾਹਨ 'ਚ ਮ੍ਰਿਤਕ ਪਾਇਆ ਗਿਆ। ਕਿਹੜੇ ਕਾਰਨਾਂ ਕਰ ਕੇ ਹਮਲਾਵਰ ਦੀ ਮੌਤ ਹੋਈ, ਜਾਂਚ ਕੀਤੀ ਜਾ ਰਹੀ ਹੈ। ਟੈਕਸਾਸ ਸਾਊਦਰਲੈਂਡ ਸਪਿੰ੍ਰਗ ਇਲਾਕੇ ਦੇ ਛੋਟੇ ਪਿੰਡ ਵਿਚ ਇਕ ਹਜ਼ਾਰ ਤੋਂ ਵੀ ਘੱਟ ਲੋਕ ਰਹਿੰਦੇ ਹਨ ਅਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਹਮਲੇ ਵਿਚ ਮਰਨ ਵਾਲਿਆਂ ਅਤੇ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਕੁਲ ਆਬਾਦੀ ਦਾ 10 ਫ਼ੀ ਸਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ 'ਤੇ ਅਫ਼ਸੋਸ ਪ੍ਰਗਟਾਇਆ ਹੈ। ਫ਼ਿਲਹਾਲ ਟਰੰਪ ਪੂਰਬੀ ਏਸ਼ੀਆ ਦੇ ਦੋ ਹਫ਼ਤੇ ਦੇ ਦੌਰੇ 'ਤੇ ਹਨ। (ਏਜੰਸੀ)