
ਪਿਛਲੇ ਕਰੀਬ ਢਾਈ ਮਹੀਨੇ ਤੋਂ ਡੋਕਲਾਮ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਵਿੱਚ ਜਾਰੀ ਗਤੀਰੋਧ ਖਤਮ ਹੋ ਚੁੱਕਿਆ ਹੈ। ਹੁਣ ਚੀਨ ਨੇ ਇਸ ਸੀਮਾ ਵਿਵਾਦ ਤੋਂ ਭਾਰਤ ਨੂੰ ਸਬਕ ਸਿੱਖਣ ਦੀ ਸਲਾਹ ਦਿੱਤੀ ਹੈ , ਤਾਂਕਿ ਭਵਿੱਖ ਵਿੱਚ ਡੋਕਲਾਮ ਜਿਹੇ ਵਿਵਾਦ ਤੋਂ ਬਚਿਆ ਜਾ ਸਕੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਭਾਰਤ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ।
ਦੱਸਣ ਯੋਗ ਹੈ ਕਿ ਭਾਰਤ ਅਤੇ ਚੀਨ ਨੇ ਸੋਮਵਾਰ ਨੂੰ ਡੋਕਲਾਮ ਵਿਚ ਆਪਣੀ-ਆਪਣੀ ਫੌਜ ਨੂੰ ਹਟਾ ਕੇ ਗਤੀਰੋਧ ਖਤਮ ਕਰ ਦਿੱਤਾ ਸੀ। ਇਹ ਘਟਨਾਕ੍ਰਮ ਅਗਲੇ ਹਫਤੇ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਸ਼ਿਖਰ ਸੰਮੇਲਨ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਯਾਤਰਾ 'ਤੇ ਜਾਣ ਤੋਂ ਪਹਿਲਾਂ ਹੋਇਆ।
ਚੀਨੀ ਵਿਦੇਸ਼ ਵਾਂਗ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਇਸ ਘਟਨਾ ਤੋਂ ਸਬਕ ਸਿੱਖੇਗਾ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਮੁੜ ਹੋਣ ਤੋਂ ਰੋਕੇਗਾ। ਦੱਸਣ ਯੋਗ ਹੈ ਕਿ ਡੋਕਲਾਮ ਵਿਚ ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ 16 ਜੂਨ ਤੋਂ ਗਤੀਰੋਧ ਚੱਲਿਆ ਆ ਰਿਹਾ ਸੀ, ਜਦੋਂ ਭਾਰਤੀ ਫੌਜੀਆਂ ਨੇ ਚੀਨੀ ਫੌਜ ਨੂੰ ਰਣਨੀਤਕ ਰੂਪ ਨਾਲ ਮਹੱਤਵਪੂਰਨ ਇਸ ਇਲਾਕੇ ਵਿਚ ਸੜਕ ਬਣਾਉਣ ਤੋਂ ਰੋਕ ਦਿੱਤਾ ਸੀ। ਚੀਨ ਅਤੇ ਭੂਟਾਨ ਵਿਚਾਲੇ ਡੋਕਲਾਮ ਇਕ ਵਿਵਾਦਿਤ ਖੇਤਰ ਹੈ।
ਵਾਂਗ ਨੇ ਸ਼ਿਆਮੇਨ ਸ਼ਹਿਰ ਵਿਚ ਅਗਲੇ ਹਫਤੇ ਹੋਣ ਜਾ ਰਹੇ ਬ੍ਰਿਕਸ ਸ਼ਿਖਸ ਸੰਮੇਲਨ ਬਾਰੇ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕੀਤਾ। ਦੋਹਾਂ ਦੇਸ਼ਾਂ ਵਿਚਾਲੇ ਮਤਭੇਦਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ, ''ਭਾਰਤ ਅਤੇ ਚੀਨ ਦੋ ਵੱਡੇ ਦੇਸ਼ ਹਨ। ਇਹ ਸੰਭਾਵਿਕ ਗੱਲ ਹੈ ਕਿ ਸਾਡੇ ਦਰਮਿਆਨ ਕੁਝ ਸਮੱਸਿਆਵਾਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਅਤੇ ਚੀਨ ਹੱਥਾਂ ਵਿਚ ਹੱਥ ਲੈ ਕੇ ਏਸ਼ੀਆ ਨੂੰ ਬਿਹਤਰ ਕਰਨ ਲਈ ਕੰਮ ਕਰਨਗੇ।