
ਸਕੂਲ ਲੱਗੇ ਨੂੰ ਕਰੀਬ ਇਕ ਘੰਟੇ ਦਾ ਸਮਾਂ ਹੋ ਗਿਆ ਸੀ, ਪਹਿਲਾ ਪੀਰੀਅਡ ਖ਼ਤਮ ਹੋਣ ਵਿਚ ਕੁੱਝ ਹੀ ਮਿੰਟ ਬਾਕੀ ਸਨ
ਸਕੂਲ ਲੱਗੇ ਨੂੰ ਕਰੀਬ ਇਕ ਘੰਟੇ ਦਾ ਸਮਾਂ ਹੋ ਗਿਆ ਸੀ, ਪਹਿਲਾ ਪੀਰੀਅਡ ਖ਼ਤਮ ਹੋਣ ਵਿਚ ਕੁੱਝ ਹੀ ਮਿੰਟ ਬਾਕੀ ਸਨ। ਮੈਂ ਕਮਰੇ ਵਿਚ ਅਪਣੀ ਜਮਾਤ ਨੂੰ ਪੜ੍ਹਾ ਰਿਹਾ ਸੀ। ਅਚਾਨਕ ਬੂਹੇ ਤੋਂ ਆਵਾਜ਼ ਆਈ 'ਸਰ ਜੀ ਅੰਦਰ ਆ ਜਾਵਾਂ?' ਮੈਂ ਨਜ਼ਰ ਉਠਾ ਕੇ ਵੇਖਿਆ ਤਾਂ ਮੇਰੀ ਜਮਾਤ ਦੀ ਉਹ ਸੱਭ ਤੋਂ ਛੋਟੀ ਕੁੜੀ ਕਮਰੇ ਦੇ ਬੂਹੇ ਤੇ ਖਲੋਤੀ ਸੀ। ਉਸ ਦੇ ਮੋਢੇ ਤੇ ਮੈਲਾ ਤੇ ਫਟਿਆ ਜਿਹਾ ਬੈਗ, ਉਦਾਸ ਤੇ ਪੀਲਾ ਚਿਹਰਾ, ਜਿਵੇਂ ਖ਼ੁਦ ਪ੍ਰਸ਼ਨ ਚਿੰਨ੍ਹ ਬਣੀ ਹੋਈ ਹੋਵੇ। ਉਸ ਨੂੰ ਵੇਖ ਕੇ ਮੈਨੂੰ ਕੋਈ ਹੈਰਾਨੀ ਨਾ ਹੋਈ ਕਿਉਂਕਿ ਉਹ ਅਕਸਰ ਹੀ ਸਕੂਲ ਤੋਂ ਗ਼ੈਰ-ਹਾਜ਼ਰ ਰਹਿੰਦੀ ਸੀ ਤੇ ਜੇਕਰ ਕਦੇ ਆਉਂਦੀ ਵੀ ਸੀ ਤਾਂ ਲੇਟ ਹੀ ਆਉਂਦੀ ਸੀ।
ਜਾਣਦੇ ਹੋਏ ਵੀ ਮੈਂ ਉਸ ਨੂੰ ਲੇਟ ਆਉਣ ਦਾ ਕਾਰਨ ਪੁਛਿਆ ਤਾਂ ਕੁੱਝ ਬੋਲਣ ਦੀ ਬਜਾਏ ਉਸ ਨੇ ਗਲੇਡੂ ਭਰ ਲਏ। ਉਸ ਦੀਆਂ ਅੱਖਾਂ ਵਿਚ ਤੈਰਦੇ ਅਥਰੂ ਵੇਖ ਕੇ ਮੇਰੀ ਹੋਰ ਕੁੱਝ ਪੁੱਛਣ ਦੀ ਹਿੰਮਤ ਨਾ ਹੋਈ ਤੇ ਮੈਂ ਉਸ ਨੂੰ ਜਮਾਤ ਵਿਚ ਬਿਠਾ ਲਿਆ। ਦਰਅਸਲ ਇਹ ਉਹ ਬੱਚੀ ਹੈ ਜਿਸ ਦਾ ਪਿਉ ਨਸ਼ੇ ਦਾ ਆਦੀ ਹੈ ਤੇ ਇਸ ਦੀ ਮਾਂ ਮਿਹਨਤ ਮਜ਼ਦੂਰੀ ਕਰਨ ਲਈ ਸਵੇਰੇ ਜਲਦੀ ਹੀ ਘਰੋਂ ਨਿਕਲ ਜਾਂਦੀ ਹੈ। ਪਿੱਛੋਂ 11-12 ਵਰ੍ਹਿਆਂ ਦੀ ਇਹ ਬਾਲੜੀ ਜਿਥੇ ਅਪਣੇ ਛੋਟੇ ਭੈਣਾਂ ਭਰਾਵਾਂ ਲਈ ਰੋਟੀ ਥਪਦੀ ਹੈ, ਉਥੇ ਹੀ ਘਰ ਦੇ ਹੋਰ ਧੰਦੇ ਵੀ ਕਰਦੀ ਹੈ।
File photo
ਲਿਹਾਜ਼ਾ ਗ਼ਰੀਬੀ ਤੇ ਬੇਵਸੀ ਦੇ ਬੋਝ ਹੇਠ ਦੱਬੀ ਇਸ ਮਾਸੂਮ ਬੱਚੀ ਲਈ ਸਕੂਲ ਦਾ ਪੰਧ ਹੋਰ ਵੀ ਲਮੇਰਾ ਹੋ ਜਾਂਦਾ ਹੈ। ਅਜਿਹੀ ਰੋਜ਼ਾਨਾ ਦੀ ਕਹਾਣੀ ਸਰਕਾਰੀ ਸਕੂਲਾਂ ਦੇ ਅਜਿਹੇ ਕਈ ਬੱਚਿਆਂ ਦੀ ਹੈ। ਅਜਿਹੇ ਬੱਚੇ ਅਪਣੇ ਘਰਾਂ ਦੇ ਬਜ਼ੁਰਗ ਹੁੰਦੇ ਹਨ। ਹਰ ਰੋਜ਼ ਹੱਥੀਂ ਖ਼ੂਹ ਪੁੱਟ ਕੇ ਪਾਣੀ ਪੀਣਾ ਇਨ੍ਹਾਂ ਦੀ ਮਜਬੂਰੀ ਹੈ। ਸਕੂਲ ਸਮੇਂ ਤੋਂ ਪਹਿਲਾਂ ਤੇ ਬਾਅਦ ਅਪਣੇ ਮਾਂ-ਬਾਪ ਨਾਲ ਇਹ ਲੋਕਾਂ ਦੇ ਘਰਾਂ ਵਿਚ ਕੰਮ ਕਰਦੇ ਹਨ। ਰੇਹੜੀ ਲਗਾਉਣਾ, ਬੂਟ ਪਾਲਿਸ਼ ਤੇ ਹੋਰ ਨਿੱਕੇ ਮੋਟੇ ਕੰਮ ਕਰ ਕੇ ਘਰਾਂ ਦਾ ਚੁੱਲ੍ਹਾ ਬਲਦਾ ਰਖਦੇ ਹਨ। ਇਨ੍ਹਾਂ ਵਿਚੋਂ ਕੁੱਝ ਬਦਨਸੀਬ ਮਾਪਿਆਂ ਦੇ ਸਾਏ ਤੋਂ ਵੀ ਵਾਂਝੇ ਹਨ ਜਿਨ੍ਹਾਂ ਲਈ ਇਹ ਜ਼ਿੰਦਗੀ ਹੋਰ ਵੀ ਦੁਸ਼ਵਾਰ ਹੋ ਜਾਂਦੀ ਹੈ।
ਤਾਲਾਬੰਦੀ ਦੌਰਾਨ ਇਕ ਦਿਨ ਬੈਠਾ ਮੈਂ ਸੋਚ ਰਿਹਾ ਸੀ ਕਿ ਅੱਜ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚਲਦਿਆਂ ਸਮੁੱਚੇ ਦੇਸ਼ ਵਿਚ ਕਰਫ਼ਿਊ ਦਾ ਸਾਇਆ ਹੈ ਤਾਂ ਫਿਰ ਇਨ੍ਹਾਂ ਗ਼ਰੀਬ ਬੱਚਿਆਂ ਲਈ ਰੋਟੀ ਦਾ ਮਸਲਾ ਕਿਵੇਂ ਹੱਲ ਹੋਵੇਗਾ? ਉਨ੍ਹਾਂ ਲਈ ਤਾਂ ਇਹ ਗੰਭੀਰ ਸਥਿਤੀ ਬਣ ਗਈ ਹੈ। ਇਕ ਪਾਸੇ ਜਿਥੇ ਕੰਮ ਧੰਦੇ ਬੰਦ ਹੋਣ ਨਾਲ ਗ਼ਰੀਬ ਪ੍ਰਵਾਰਾਂ ਦੇ ਚੁੱਲ੍ਹੇ ਠੰਢੇ ਹੋ ਗਏ, ਦੂਜੇ ਪਾਸੇ ਸਕੂਲ ਬੰਦ ਹੋਣ ਨਾਲ ਇਹ ਬੱਚੇ ਮਿਡ-ਡੇ-ਮੀਲ ਜੋ ਕਿ ਢਿੱਡ ਨੂੰ ਝੁਲਕਾ ਦੇਣ ਲਈ ਇਨ੍ਹਾਂ ਦਾ ਇਕ ਮਾਤਰ ਸਹਾਰਾ ਸੀ, ਉਸ ਤੋਂ ਵੀ ਵਾਂਝੇ ਹੋ ਗਏ।
ਇਨ੍ਹਾਂ ਬੱਚਿਆਂ ਦੀਆਂ ਭੁੱਖ ਨਾਲ ਵਿਲਕਦੀਆਂ ਆਂਦਰਾਂ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਗ਼ਰੀਬੀ, ਭੁੱਖਮਰੀ ਤੇ ਬੇਵਸੀ ਦੇ ਇਸ ਮੰਜ਼ਰ ਵਿਚ ਇਨ੍ਹਾਂ ਮਾਸੂਮ ਬੱਚਿਆਂ ਤੇ ਇਨ੍ਹਾਂ ਦੇ ਮਾਪਿਆਂ ਦੀ ਮਾਨਸਕ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਭਾਵੇਂ ਪੰਜਾਬ ਸਰਕਾਰ ਦੇ ਸਕੂਲ ਸਿਖਿਆ ਵਿਭਾਗ ਨੇ ਬੱਚਿਆਂ ਦੇ ਆਨਲਾਈਨ ਦਾਖਲਿਆਂ ਦੀ ਵਿਵਸਥਾ ਕੀਤੀ ਹੈ, ਪਰ ਅੱਜ ਇਨ੍ਹਾਂ ਬੱਚਿਆਂ ਨੂੰ ਦਾਖ਼ਲਿਆਂ ਤੋਂ ਵੱਧ ਰੋਟੀ ਦੀ ਜ਼ਰੂਰਤ ਹੈ। ਕੋਰੋਨਾ ਵਾਇਰਸ ਤਾਂ ਅੱਜ-ਭਲਕ ਖ਼ਤਮ ਹੋ ਹੀ ਜਾਣਾ ਹੈ ਪਰ ਉਸ ਤੋਂ ਵੀ ਵੱਧ ਘਾਤਕ ਗ਼ਰੀਬੀ ਦਾ ਵਾਇਰਸ ਜੋ ਸਾਡੇ ਸਮਾਜ ਦੀ ਨਸ-ਨਸ ਵਿਚ ਸਮਾਅ ਚੁੱਕਾ ਹੈ, ਕੀ ਕਦੇ ਖ਼ਤਮ ਹੋਵੇਗਾ? ਕੀ ਇਨ੍ਹਾਂ ਲੋਕਾਂ ਦੇ ਭੁੱਖ-ਦੁੱਖ ਦਾ ਲਾਕਡਾਊਨ ਕਦੇ ਟੁੱਟੇਗਾ?
ਸੰਪਰਕ : 97793-13320