
'ਟਿੱਡੀ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਨਵੀਆਂ ਖੋਜਾਂ 'ਤੇ ਧਿਆਨ ਦਿਤਾ ਜਾ ਰਿਹੈ'
ਨਵੀਂ ਦਿੱਲੀ- ਤਾਲਾਬੰਦੀ 'ਚ ਰਿਆਇਤਾਂ ਦੇ ਵਿਸਤਾਰ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਕਿਸ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ ਨੂੰ ਲੈ ਕੇ ਚੌਕਸ ਕੀਤਾ ਅਤੇ ਹੋਰ ਜ਼ਿਆਦਾ ਸਾਵਧਾਨੀ ਵਰਤਣ ਦੀ ਸਲਾਹ ਦਿਤੀ। ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦੀ ਮਾਰ ਗ਼ਰੀਬਾਂ ਅਤੇ ਮਜ਼ਦੂਰਾਂ 'ਤੇ ਸੱਭ ਤੋਂ ਜ਼ਿਆਦਾ ਪਈ ਹੈ ਅਤੇ ਉਨ੍ਹਾਂ ਦੇ ਦੁੱਖ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।
PM Modi
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਾਤ 'ਦੇਸ਼ ਨੂੰ ਇਤਿਹਾਸ ਦੀ ਪੜਚੋਲ ਅਤੇ ਭਵਿੱਖ ਲਈ ਸਿਖਣ ਦਾ ਮੌਕਾ' ਦਿੰਦੇ ਹਨ। ਰੇਡੀਉ 'ਤੇ ਪ੍ਰਸਾਰਤ ਹੋਣ ਵਾਲੇ 'ਮਨ ਕੀ ਬਾਤ' ਮਹੀਨਾਵਾਰ ਪ੍ਰੋਗਰਾਮ 'ਚ ਮੋਦੀ ਨੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮਾਂਤਰੀ ਮਹਾਂਮਾਰੀ ਕਰ ਕੇ ਸਾਰੇ ਵਰਗਾਂ ਦੇ ਲੋਕ ਪ੍ਰਭਾਵਤ ਹੋਏ ਹਨ ਪਰ ਇਸ ਦੀ ਸੱਭ ਤੋਂ ਵੱਡੀ ਮਾਰ ਗ਼ਰੀਬਾਂ 'ਤੇ ਪਈ ਹੈ।
PM Modi
ਉਨ੍ਹਾਂ ਕਿਹਾ, ''ਜੇਕਰ ਸਾਡੇ ਪਿੰਡ, ਕਸਬੇ, ਜ਼ਿਲ੍ਹੇ, ਰਾਜ ਆਤਮਨਿਰਭਰ ਹੁੰਦੇ ਤਾਂ ਸਾਡੇ ਸਾਹਮਣੇ ਮੌਜੂਦ ਕਈ ਸਮੱਸਿਆਵਾਂ ਨੇ ਇਹ ਰੂਪ ਨਾ ਲਿਆ ਹੁੰਦਾ, ਜਿਸ ਰੂਪ 'ਚ ਉਹ ਅੱਜ ਸਾਡੇ ਸਾਹਮਣੇ ਖੜੇ ਹਨ।'' ਉਨ੍ਹਾਂ ਕਿਹਾ ਕਿ ਹਰ ਕੋਈ ਗ਼ਰੀਬਾਂ ਅਤੇ ਮਜ਼ਦੂਰਾਂ ਦੀ ਮਦਦ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਸ਼ੁਰੂ ਕੀਤੀਆਂ ਗਈਆਂ ਵਿਸ਼ੇਸ਼ ਰੇਲ ਗੱਡੀਆਂ ਦੀ ਸਹੂਲਤ ਦਾ ਜ਼ਿਕਰ ਕੀਤਾ।
PM Modi
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੰਮਕਾਜ ਦੇ ਹੌਲੀ-ਹੌਲੀ ਖੁੱਲ੍ਹਣ ਵਿਚਕਾਰ ਸਮਾਜਕ ਦੂਰੀ ਕਾਇਮ ਰੱਖਣ ਅਤੇ ਮਾਸਕ ਪਹਿਨਣ ਸਮੇਤ 'ਹੋਰ ਸਾਵਧਾਨੀ' ਵਰਤਣ ਦੀ ਅਪੀਲ ਕੀਤੀ। ਮੋਦੀ ਨੇ ਕਿਹਾ, ''ਸਾਨੂੰ ਹੋਰ ਚੌਕਸ ਰਹਿਣ ਦੀ ਜ਼ਰੂਰਤ ਹੈ। ਦੋ ਗਜ਼ ਦੀ ਦੂਰੀ ਦਾ ਨਿਯਮ ਹੋਵੇ, ਮਾਸਕ ਪਾਉਣ ਦੀ ਗੱਲ ਹੋਵੇ ਜਾਂ ਘਰ 'ਚ ਰਹਿਣਾ ਹੋਵੇ, ਇਨ੍ਹਾਂ ਸਾਰੀਆਂ ਗੱਲਾਂ ਦੇ ਪਾਲਣ 'ਚ ਮਾੜੀ ਜਿਹੀ ਵੀ ਢਿੱਲ ਨਹੀਂ ਵਰਤਣੀ ਚਾਹੀਦੀ।''
PM Modi
ਉਨ੍ਹਾਂ ਕਿਹਾ, ''ਸਾਰਿਆਂ ਦੀਆਂ ਸਮੂਹਕ ਕੋਸ਼ਿਸ਼ਾਂ ਨਾਲ ਦੇਸ਼ 'ਚ ਕੋਰੋਨਾ ਵਾਇਰਸ ਵਿਰੁਧ ਲੜਾਈ ਬਹੁਤ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ। ਜਦੋਂ ਅਸੀਂ ਦੁਨੀਆਂ ਵਲ ਵੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਅਸਲ 'ਚ ਭਾਰਤੀਆਂ ਦੀ ਪ੍ਰਾਪਤੀ ਕਿੰਨੀ ਵੱਡੀ ਹੈ।'' ਉਨ੍ਹਾਂ 'ਆਤਮਨਿਰਭਰ ਭਾਰਤ' ਦੀ ਅਪਣੀ ਅਪੀਲ ਬਾਰੇ ਕਿਹਾ ਕਿ ਲੋਕਾਂ ਨੇ ਹੁਣ ਇਸ ਨੂੰ ਅਪਣੀ ਮੁਹਿੰਮ ਬਣਾਉਣਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਲੋਕ 'ਵੋਕਲ ਫ਼ਾਰ ਲੋਕਲ' ਨੂੰ ਹੱਲਾਸ਼ੇਰੀ ਦਿੰਦਿਆ ਸਿਰਫ਼ ਸਥਾਨਕ ਉਤਪਾਦ ਹੀ ਖ਼ਰੀਦ ਰਹੇ ਹਨ।
PM Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਵੱਖੋ-ਵੱਖ ਹਿੱਸਿਆਂ 'ਚ ਟਿੱਡੀਆਂ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਨਵੀਂਆਂ-ਨਵੀਂਆਂ ਖੋਜਾਂ 'ਤੇ ਧਿਆਨ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਇਸ ਨੇ ਇਹ ਵੀ ਯਾਦ ਦਿਵਾ ਦਿਤਾ ਹੈ ਕਿ ਇਕ ਛੋਟਾ ਜਿਹਾ ਜੀਵ ਕਿੰਨਾ ਨੁਕਸਾਨ ਕਰ ਸਕਦਾ ਹੈ। ਟਿੱਡੀਆਂ ਦਾ ਦਲ ਪਾਕਿਸਤਾਨ ਤੋਂ ਪਿਛਲੇ ਮਹੀਨੇ ਰਾਜਸਥਾਨ 'ਚ ਆਇਆ ਸੀ ਅਤੇ ਫਿਰ ਇਹ ਤੇਜ਼ ਹਵਾਵਾਂ ਨਾਲ ਪਛਮੀ ਸੂਬਿਆਂ ਦੇ ਇਲਾਕਿਆਂ 'ਚ ਫੈਲ ਗਿਆ। ਮੋਦੀ ਨੇ ਕਿਹਾ, ''ਮੈਨੂੰ ਭਰੋਸਾ ਹੈ ਕਿ ਸਾਡੇ ਖੇਤੀ 'ਤੇ ਜੋ ਸੰਕਟ ਆਇਆ ਹੈ ਉਸ ਨਾਲ ਅਸੀਂ ਸਾਰੇ ਮਿਲ ਕੇ ਲੋਹਾ ਲਵਾਂਗੇ ਅਤੇ ਬਹੁਤ ਕੁੱਝ ਬਚਾ ਲਵਾਂਗੇ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।