
ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਸੁਖ਼ਾਵੇਂ ਸਬੰਧ ਚਾਹੁੰਦਾ.........
ਪੂਨੇ : ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਸੁਖ਼ਾਵੇਂ ਸਬੰਧ ਚਾਹੁੰਦਾ ਹੈ ਤਾਂ ਉਸ ਨੂੰ ਅਪਣੀ ਜ਼ਮੀਨ ਤੋਂ ਹੋਣ ਵਾਲੀਆਂ ਅਤਿਵਾਦੀ ਗਤੀਵਿਧੀਆਂ ਬੰਦ ਕਰਨੀਆ ਪੈਣਗੀਆਂ ਅਤੇ ਖ਼ੁਦ ਇਕ ਧਰਮ ਨਿਰਪੱਖ ਦੇਸ਼ ਦੇ ਰੂਪ ਵਿਚ ਵਿਕਸਤ ਹੋਣਾ ਚਾਹੀਦੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਸੈਨਾ ਅਜੇ ਵੀ ਔਰਤਾਂ ਨੂੰ ਯੁੱਧ ਭੂਮਿਕਾ ਵਿਚ ਸ਼ਾਮਲ ਕਰਨ ਲਈ ਤਿਆਰ ਨਹੀਂ ਹੈ। ਰਾਵਤ ਨੇ ਰਾਸ਼ਟਰੀ ਰੱਖਿਆ ਅਕਾਦਮੀ (ਐਨ.ਡੀ.ਏ.) ਦੇ 135ਵੀ ਕੋਰਸ ਦੀ ਪਾਸਿੰਗ ਆਊਟ ਪਰੇਡ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਪਾਕਿ ਪ੍ਰਧਾਨਮੰਤਰੀ ਇਮਰਾਨ ਖ਼ਾਨ ਦੇ ਹਾਲ ਦੇ ਉਸ ਬਿਆਨ ਬਾਰੇ ਪੁੱਛੇ ਜਾਣ 'ਤੇ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਭਾਰਤ ਦੇ ਇਕ ਕਦਮ ਵਧਾਉਣ 'ਤੇ ਉਨ੍ਹਾਂ ਦਾ ਦੇਸ਼ ਦੋ ਕਦਮ ਵਧਾਉਣ ਨੂੰ ਤਿਆਰ ਹੈ, ਜਨਰਲ ਨੇ ਕਿਹਾ ਕਿ ਗਆਂਢੀ ਦੇਸ਼ ਨੂੰ ਸਭ ਤੋਂ ਪਹਿਲਾਂ ਅਪਣੀ ਜ਼ਮੀਨ ਤੋਂ ਹੋਣ ਵਾਲੀਆਂ ਅਤਿਵਾਦੀ ਗਤੀਵਿਧੀਆਂ ਬੰਦ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਣਾ ਚਾਹੀਦੈ। ਗੁਆਂਢੀ ਦੇਸ਼ ਨੂੰ ਸਲਾਹ ਦਿੰਦਿਆਂ ਰਾਵਤ ਨੇ ਕਿਹਾ ਕਿ ਉਹ ਪਾਕਿ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਪਹਿਲਾ ਕਦਮ (ਅਤਿਵਾਦ 'ਤੇ ਰੋਕ ਲਾਉਣ ਦਾ) ਚੁੱਕਣ। ਬੀਤੇ ਸਮੇਂ ਵਿਚ ਭਾਰਤ ਨੇ ਕਈ ਕਦਮ ਚੁੱਕੇ ਹਨ।
ਜਦੋਂ ਅਸੀ ਕਹਿੰਦੇ ਹਾਂ ਕਿ ਤੁਹਾਡੇ ਦੇਸ਼ ਵਿਚ ਅਤਿਵਾਦ ਵੱਧ ਰਿਹਾ ਹੈ ਤਾਂ ਤੁਸੀ ਭਾਰਤ ਵਿਰੁਧ ਹੋਣ ਵਾਲੀਆਂ ਅਤਿਵਾਦੀ ਗਤੀਵਿਧੀਆਂ ਸਬੰਧੀ ਕੋਈ ਕਾਰਵਾਈ ਕਰ ਕੇ ਦਿਖਾਉ। ਖ਼ਾਨ ਨੇ ਕਿਹਾ ਸੀ ਕਿ ਜਦੋਂ ਜਰਮਨੀ ਅਤੇ ਫ੍ਰਾਂਸ ਵਧੀਅ ਗੁਆਂਢੀ ਹੋ ਸਕਦੇ ਹਨ ਤਾਂ ਫ਼ਿਰ ਭਾਰਤ ਅਤੇ ਪਾਕਿਸਤਾਨ ਵਧੀਆ ਦੋਸਤ ਕਿਉਂ ਨਹੀਂ ਬਣ ਸਕਦੇ।
ਇਸ ਬਾਰੇ ਸੈਨਾ ਮੁਖੀ ਨੇ ਕਿਹਾ ਕਿ ਗੁਆਂਢੀ ਦੇਸ਼ ਨੂੰ ਪਹਿਲਾਂ ਅਪਣੀ ਅੰਦਰੂਨੀ ਹਾਲਤ ਦੇਖਣ ਦੀ ਜ਼ਰੂਰਤ ਹੈ। ਰਾਵਤ ਨੇ ਕਿਹਾ ਕਿ ਉਨ੍ਹਾਂ ਪਾਕਿਸਤਾਨ ਨੂੰ ਇਸਲਾਮਕ ਦੇਸ਼ ਵਿਚ ਬਦਲ ਦਿਤਾ ਹੈ। ਜੇਕਰ ਉਹ ਭਾਰਤ ਨਾਲ ਸਾਂਤੀ ਸਬੰਧ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਧਰਮ ਨਿਰਪੱਖ ਦੇਸ਼ ਬਨਣਾ ਪਏਗਾ। ਉਨ੍ਹਾਂ ਕਿਹਾ ਜੇਕਰ ਪਾਕਿ ਵੀ ਭਾਰਤ ਤਰ੍ਹਾਂ ਧਰਮ ਨਿਰਪੱਖ ਦੇਸ਼ ਬਨਣਾ ਚਾਹੁੰਦਾ ਹੈ ਤਾਂ ਇਕ ਮੋਕਾ ਜ਼ਰੂਰ ਦੇਣਾ ਚਾਹੀਦੈ। (ਪੀਟੀਆਈ)