
ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਵਿਚ ਇਸ ਕਰ ਕੇ ਦੇਰੀ ਹੋਈ ਕਿਉਂਕਿ ਪਾਕਿਸਤਾਨੀ ਅਫ਼ਸਰ ਕੈਮਰੇ ਸਾਹਮਣੇ...
ਨਵੀਂ ਦਿੱਲੀ : ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਵਿਚ ਇਸ ਕਰ ਕੇ ਦੇਰੀ ਹੋਈ ਕਿਉਂਕਿ ਪਾਕਿਸਤਾਨੀ ਅਫ਼ਸਰ ਕੈਮਰੇ ਸਾਹਮਣੇ ਉਸ ਦਾ ਬਿਆਨ ਦਰਜ ਕਰਨਾ ਚਾਹੁੰਦੇ ਸਨ। ਬਿਆਨ ਦੀ ਵੀਡੀਉ ਬਣਨ ਮਗਰੋਂ ਹੀ ਅਭਿਨੰਦਨ ਨੂੰ ਵਾਘਾ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿਤੀ ਗਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੈਮਰੇ ਅੱਗੇ ਬਿਆਨ ਦੇਣ ਲਈ ਦਬਾਅ ਪਾਇਆ ਗਿਆ ਜਾਂ ਨਹੀਂ।
ਇਸ ਵੀਡੀਉ ਵਿਚਲੇ ਕੱਟ ਦਰਸਾਉਂਦੇ ਹਨ ਕਿ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਤੱਥ ਕਾਇਮ ਰੱਖੇ ਗਏ ਜਦਕਿ ਬਾਕੀ ਨੂੰ ਹਟਾ ਦਿਤਾ ਗਿਆ। ਭਾਰਤੀ ਹਵਾਈ ਫ਼ੌਜ ਦਾ ਦਾਅਵਾ ਹੈ ਕਿ ਅਭਿਨੰਦਨ ਨੇ ਪਾਕਿਸਤਾਨ ਦੇ ਐਫ਼-16 ਲੜਾਕੂ ਜਹਾਜ਼ ਨੂੰ ਤਬਾਹ ਕਰ ਦਿਤਾ ਪਰ ਰਿਹਾਈ ਤੋਂ ਪਹਿਲਾਂ ਰਿਕਾਰਡ ਵੀਡੀਓ ਵਿਚ ਅਜਿਹਾ ਕੋਈ ਜ਼ਿਕਰ ਨਹੀਂ ਮਿਲਦਾ।
ਪਾਕਿਸਤਾਨ ਸਰਕਾਰ ਨੇ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਰਾਤ 8.30 ਵਜੇ ਭਾਰਤੀ ਪਾਇਲਟ ਦਾ ਵੀਡੀਉ ਸੁਨੇਹਾ ਉਥੋਂ ਦੇ ਮੀਡੀਆ ਨੂੰ ਜਾਰੀ ਕੀਤਾ ਜਿਸ ਵਿਚ ਅਭਿਨੰਦਨ ਨੇ ਦੱਸਿਆ ਕਿ ਉਸ ਨੂੰ ਕਿਵੇ ਫੜਿਆ ਗਿਆ। ਵੀਡੀਉ ਸੁਨੇਹੇ ਵਿਚ ਅਭਿਨੰਦਨ ਨੇ ਆਖਿਆ ਕਿ ਆਪਣੇ ਟੀਚੇ ਦੀ ਭਾਲ ਵਿਚ ਪਾਕਿਸਤਾਨੀ ਹਵਾਈ ਖੇਤਰ ਵਿਚ ਦਾਖ਼ਲ ਹੋਏ ਪਰ ਉਨ੍ਹਾਂ ਦੇ ਜਹਾਜ਼ ਨੂੰ ਤਬਾਹ ਕਰ ਦਿਤਾ ਗਿਆ।
ਉਨ੍ਹਾਂ ਕਿਹਾ, ''ਜਹਾਜ਼ ਦੇ ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਮੈਂ ਕੁੱਦ ਗਿਆ ਅਤੇ ਪੈਰਾਸ਼ੂਟ ਰਾਹੀਂ ਹੇਠਾਂ ਆਇਆ। ਮੇਰੇ ਕੋਲ ਇਕ ਪਸਤੌਲ ਸੀ ਜਦਕਿ ਉਥੇ ਕਈ ਲੋਕ ਮੌਜੂਦ ਸਨ। ਮੇਰੇ ਕੋਲ ਬਚਣ ਦਾ ਇਕੋ ਰਾਹ ਸੀ ਅਤੇ ਮੈਂ ਆਪਣੀ ਪਸਤੌਲ ਸੁੱਟ ਕੇ ਭੱਜਣ ਦਾ ਯਤਨ ਕੀਤਾ। ਲੋਕ ਮੇਰੇ ਪਿੱਛੇ ਪੈ ਗਏ ਜੋ ਕਾਫ਼ੀ ਭੜਕੇ ਹੋਏ ਸਨ। ਬਿਲਕੁਲ ਉਸੇ ਵੇਲੇ ਪਾਕਿਸਤਾਨੀ ਫ਼ੌਜ ਦੇ ਦੋ ਅਫ਼ਸਰ ਉਥੇ ਆ ਗਏ ਅਤੇ ਕੈਪਟਨ ਨੇ ਮੈਨੂੰ ਲੋਕਾਂ ਤੋਂ ਬਚਾਇਆ।
ਉਹ ਮੈਨੂੰ ਆਪਣੀ ਯੂਨਿਟ ਵਿਚ ਲੈ ਗਏ ਜਿਥੇ ਮੁਢਲਾ ਇਲਾਜ ਕੀਤਾ ਗਿਆ। ਇਸ ਮਗਰੋਂ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਮੇਰਾ ਇਲਾਜ ਹੋਇਆ।'' ਵੀਡੀਉ ਮੁਤਾਬਕ, ''ਵਿੰਗ ਕਮਾਂਡਰ ਨੇ ਭਾਰਤੀ ਮੀਡੀਆ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਫ਼ੌਜੀ ਅਫ਼ਸਰਾਂ ਨੇ ਉਸ ਨੂੰ ਭੀੜ ਤੋਂ ਬਚਾਇਆ।''