
6 ਸਾਲ ਪਹਿਲਾਂ ਭਾਜਪਾ ‘ਚ ਹੋਈ ਸ਼ਾਮਲ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿਚ ਭੜਕੇ ਦੰਗਿਆਂ ਤੋਂ ਬਾਅਦ ਮਸ਼ਹੂਰ ਬੰਗਾਲੀ ਅਦਾਕਾਰਾ ਸੁਭਰਦਾ ਮੁਖਰਜੀ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਸਾਲ 2013 ਵਿਚ ਭਾਜਪਾ ‘ਚ ਸ਼ਾਮਲ ਹੋਈ ਸੀ। ਉਹਨਾਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਪਾਰਟੀ ਨੂੰ ਜਾਣੂ ਕਰਵਾਇਆ ਹੈ।
Photo
ਹਾਲਾਂਕਿ ਭਾਜਪਾ ਨੂੰ ਉਮੀਦ ਹੈ ਕਿ ਬੰਗਾਲੀ ਅਦਾਕਾਰਾ ਅਪਣੇ ਫੈਸਲੇ ‘ਤੇ ਇਕ ਵਾਰ ਫਿਰ ਤੋਂ ਵਿਚਾਰ ਕਰੇਗੀ। ਮੁਖਰਜੀ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ, ‘ਮੈਂ ਬਹੁਤ ਉਮੀਦਾਂ ਨਾਲ ਭਾਜਪਾ ਵਿਚ ਸ਼ਾਮਲ ਹੋਈ ਸੀ, ਪਰ ਦਿੱਲੀ ਵਿਚ ਹਿੰਸਾ ਵਧਣ ਅਤੇ ਵਧ ਰਹੀ ਨਫ਼ਰਤ ਦੇ ਮਾਹੌਲ ਤੋਂ ਪਰੇਸ਼ਾਨ ਹਾਂ’।
Photo
ਉਹਨਾਂ ਨੇ ਅੱਗੇ ਕਿਹਾ, ‘ਭਰਾ-ਭਰਾ ਧਰਮ ਦੇ ਨਾਂਅ ‘ਤੇ ਇਕ-ਦੂਜੇ ਦਾ ਗਲਾ ਕਿਉਂ ਕੱਟ ਰਹੇ ਹਨ? 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਖ਼ਬਰ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਸੀ’। ਦੱਸ ਦਈਏ ਕਿ ਮੁਖਰਜੀ ਨੇ ਭਾਜਪਾ ਪ੍ਰਦੇਸ਼ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੂੰ ਅਪਣਾ ਅਸਤੀਫ਼ਾ ਭੇਜ ਦਿੱਤਾ ਹੈ। ਖ਼ਬਰ ਇਹ ਵੀ ਹੈ ਕਿ ਉਹਨਾਂ ਨੇ ਕਪਿਲ ਮਿਸ਼ਰਾ ਅਤੇ ਅਨੁਰਾਗ ਠਾਕੁਰ ਆਦਿ ਨੇਤਾਵਾਂ ਨੂੰ ਵੀ ਨਿਸ਼ਾਨੇ ‘ਤੇ ਲਿਆ।
Photo
ਉਹਨਾਂ ਨੇ ਕਿਹਾ ਕਿ ਉਹ ਉਸ ਪਾਰਟੀ ਵਿਚ ਨਹੀਂ ਰਹਿ ਸਕਦੀ, ਜਿਸ ਵਿਚ ਕਪਿਲ ਮਿਸ਼ਰਾ ਅਤੇ ਅਨੁਰਾਗ ਠਾਕੁਰ ਵਰਗੇ ਨੇਤਾ ਹਨ। ਬੰਗਾਲੀ ਅਦਾਕਾਰਾ ਨੇ ਕਿਹਾ ਕਿ ਉਹ ਸਿਆਸਤ ਦੇ ਉਸ ਬ੍ਰਾਂਡ ਦੇ ਨਾਲ ਨਹੀਂ ਜੁੜਨਾ ਚਾਹੁੰਦੀ, ਜਿੱਥੇ ਲੋਕਾਂ ਨੂੰ ਉਹਨਾਂ ਦੇ ਧਰਮ ਦੇ ਅਧਾਰ ‘ਤੇ ਵੰਡਿਆ ਜਾਵੇ।
Photo
ਦੱਸ ਦਈਏ ਕਿ ਬਹੁਤ ਸਾਰੀਆਂ ਫ਼ਿਲਮਾਂ ਅਤੇ ਨਾਟਕਾਂ ਵਿਚ ਕੰਮ ਕਰ ਚੁੱਕੀ ਬੰਗਾਲੀ ਅਦਾਕਾਰਾ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਨਹੀਂ ਹੈ, ਜੇਕਰ ਇਹ ਧਾਰਮਕ ਪਛਾਣ ਦੇ ਅਧਾਰ ‘ਤੇ ਲੋਕਾਂ ਵਿਚ ਭੇਦਭਾਵ ਨਹੀਂ ਕਰਦਾ ਹੈ।