
ਰਾਹੁਲ ਗਾਂਧੀ ਨੇ ਦਿੱਤਾ ਗਰੀਬੀ ‘ਤੇ ਵਾਰ 72 ਹਜ਼ਾਰ ਦਾ ਨਾਅਰਾ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੰਗਲਵਾਰ ਨੂੰ ਕਾਂਗਰਸ ਦਾ ਘੋਸ਼ਣਾ-ਪੱਤਰ ਜਾਰੀ ਕੀਤਾ, ਜਿਸ ਵਿਚ ਉਹਨਾਂ ਨੇ ਕਈ ਅਹਿਮ ਵਾਅਦੇ ਕੀਤੇ ਹਨ। ਇਸ ਮੌਕੇ ‘ਤੇ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਕਾਂਗਰਸ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਮੁਖੀ ਪੀ-ਚਿਦੰਬਰਮ ਅਤੇ ਹੋਰ ਕਈ ਉਚ ਨੇਤਾ ਸ਼ਾਮਿਲ ਸਨ।
ਇਹ ਕਮੇਟੀ ਪਿਛਲੇ ਇਕ ਸਾਲ ਤੋਂ ਇਸ ਮਨੋਰਥ ਪੱਤਰ ‘ਤੇ ਕੰਮ ਕਰ ਰਹੀ ਹੈ। ਸਾਬਕਾ ਪੀਐਮ ਅਤੇ ਉੱਘੇ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਨੇ ਇਹ ਪੱਤਰ ਤਿਆਰ ਹੋਣ ਤੋਂ ਬਾਅਦ ਇਸ ਨੂੰ ਪਰਖਿਆ ਅਤੇ ਆਪਣੇ ਸੁਝਾਅ ਵੀ ਦਿੱਤੇ। ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਆਪਣੇ ਵਿਚਾਰ ਦਿੱਤੇ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਪੰਜ ਵੱਡੇ ਥੀਮ ਹਨ- ਨਿਆਂ, ਰੁਜ਼ਗਾਰ, ਕਿਸਾਨ, ਸਿੱਖਿਆ ਅਤੇ ਸਿਹਤ ਸੁਧਾਰ।
Election manifesto of congress
ਚੋਣ ਮਨੋਰਥ ਪੱਤਰ ਦੇ ਪੰਜ ਵੱਡੇ ਥੀਮ
ਨਿਆਂ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੁਣੇ ਜਾਣ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਇਕ ਬਹੁਤ ਵੱਡਾ ਝੂਠ ਬੋਲਿਆ ਕਿ ਹਰ ਦੇਸ਼ ਵਾਸੀ ਦੇ ਖਾਤੇ ਵਿਚ 15 ਲੱਖ ਰੁਪਏ ਆਉਣਗੇ। ਰਾਹੁਲ ਗਾਂਧੀ ਅਨੁਸਾਰ ਕਾਂਗਰਸੀ ਘੋਸ਼ਣਾ-ਪੱਤਰ ਕਮੇਟੀ ਨੇ ਅਧਿਐਨ ਕੀਤਾ ਅਤੇ ਹਰ ਸਾਲ 72000 ਰੁਪਏ ਦੀ ਰਾਸ਼ੀ ਨੂੰ ਸੰਭਵ ਪਾਇਆ। ਰਾਹੁਲ ਗਾਂਧੀ ਨੇ ਗਰੀਬੀ ਪਰ ਵਾਰ, 72 ਹਜ਼ਾਰ ਦਾ ਨਾਅਰਾ ਦਿਤਾ । ਇਹ ਕਾਂਗਰਸ ਦਾ ਪਹਿਲਾ ਵਾਅਦਾ ਹੈ, ਜਿਸ ਅਨੁਸਾਰ ਕਾਂਗਰਸ ਪਾਰਟੀ ਹਰ ਸਾਲ ਗਰੀਬਾਂ ਨੂੰ 72 ਹਜ਼ਾਰ ਰੁਪਏ ਦੇਵੇਗੀ। ਕਿਸਾਨਾਂ ਅਤੇ ਗਰੀਬਾਂ ਦੀ ਜੇਬ ‘ਚ ਪਹਿਲੀ ਵਾਰ ਸਿੱਧਾ ਪੈਸਾ ਜਾਵੇਗਾ।
ਰੁਜ਼ਗਾਰ- ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਲਾਰਾ ਲਾਇਆ। ਕਾਂਗਰਸੀ ਘੋਸ਼ਣਾ-ਪੱਤਰ ਕਮੇਟੀ ਦੇ ਅਧਿਐਨ ਮੁਤਾਬਿਕ ਇਕ ਸਾਲ ਦੇ ਅੰਦਰ 31 ਮਾਰਚ 2020 ਤੱਕ 22 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਸਕਦੀ ਹੈ। 10 ਲੱਖ ਨੌਜਵਾਨਾਂ ਨੂੰ ਗ੍ਰਾਮ ਪੰਚਾਇਤ ਵਿਚ ਰੁਜ਼ਗਾਰ ਦਿੱਤਾ ਜਾਵੇਗਾ। ਕਾਂਗਰਸ ਮਨਰੇਗਾ ਤਹਿਤ 150 ਦਿਨ ਦੇ ਰੁਜ਼ਗਾਰ ਦੀ ਗਰੰਟੀ ਦੇਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਚੋਣ ਮਨੋਰਥ ਪੱਤਰ ਵਿਚ ਇਕ ਵੀ ਝੂਠ ਨਹੀਂ ਹੈ।
Employment
ਕਿਸਾਨ- ਜਿਵੇਂ ਕਿ ਹਰ ਸਲਾਨਾ ਬਜਟ ਵਿਚ ਰੇਲ ਬਜਟ, ਰੱਖਿਆ ਬਜਟ ਆਦਿ ਹੁੰਦੇ ਹਨ, ਉਸੇ ਤਰ੍ਹਾਂ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਇਕ ਵੱਖਰਾ ਕਿਸਾਨ ਬਜਟ ਵੀ ਉਲੀਕਿਆ ਜਾਵੇਗਾ। ਇਕ ਵੱਡੀ ਘੋਸ਼ਣ ਜੋ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਉਹ ਇਹ ਸੀ ਕਿ ਕਰਜ਼ੇ ਦਾ ਭੁਗਤਾਨ ਨਾ ਕਰਨ ‘ਤੇ ਕਿਸਾਨਾਂ ਉੱਤੇ ਅਪਰਾਧਿਕ ਮਾਮਲਾ ਨਹੀਂ ਚਲਾਇਆ ਜਾਵੇਗਾ, ਬਲਕਿ ਸਿਵਲ ਪਰਚਾ ਦਰਜ ਕੀਤਾ ਜਾਵੇਗਾ।
Farmer
ਸਿੱਖਿਆ- ਕਾਂਗਰਸੀ ਘੋਸ਼ਣਾ-ਪੱਤਰ ਕਮੇਟੀ ਨੇ ਇਹ ਕਿਹਾ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸਿੱਖਿਆ ਖੇਤਰ ਵਿਚ ਜੀਡੀਪੀ (GDP) ਦਾ 6 ਫੀਸਦੀ ਹਿੱਸਾ ਸਿੱਖਿਆ ਦੇ ਖੇਤਰ ਵਿਚ ਲਗਾਇਆ ਜਾਵੇਗਾ। ਭਾਰਤ ਦੇ ਉੱਚ ਵਿਦਿਅਕ ਅਦਾਰੇ ਹਰ ਵਰਗ ਦੇ ਲੋਕਾਂ ਦੀ ਪਹੁੰਚ ਵਿਚ ਹੋਣਗੇ। ਮੌਜੂਦਾ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਲਗਾਏ ਜਾਣ ਵਾਲੇ ਪੈਸੇ ‘ਚ ਵੱਡੀ ਕਟੌਤੀ ਕੀਤੀ ਹੈ, ਜਿਸ ਨੂੰ ਪੂਰਿਆ ਜਾਵੇਗਾ।
Education
ਸਿਹਤ- ਮੌਜੂਦਾ ਸਰਕਾਰ ਦੀ ਪ੍ਰਾਈਵੇਟ ਸਿਹਤ ਬੀਮਾ ਯੋਜਨਾ ਕਾਂਗਰਸ ਦੇ ਅਨੁਸਾਰ ਕੇਵਲ ਵੱਡੇ ਉਦਯੋਗਪਤੀਆਂ ਲਈ ਹੀ ਫਾਇਦੇਮੰਦ ਹੈ। ਇਹ ਭਰੋਸੇਯੋਗ ਨਹੀਂ ਹੈ। ਕਾਂਗਰਸ ਨੇ ਕਿਹਾ ਹੈ ਕਿ ਉਹ ਸਰਕਾਰੀ ਹਸਪਤਾਲਾਂ ਨੂੰ ਉੱਚ ਦਰਜੇ ਦਾ ਬਣਾਏਗੀ ਤਾਂ ਕਿ ਗਰੀਬ ਤਬਕੇ ਨੂੰ ਵੀ ਵਧੀਆਂ ਸਿਹਤ ਸੁਵਿਧਾਵਾਂ ਮਿਲ ਸਕਣ।
ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਮੈਂ ਗੱਬਰ ਸਿੰਘ ਟੈਕਸ ਨੂੰ ਸਾਦੇ ਅਤੇ ਸਰਲ ਜੀਐਸਟੀ ਟੈਕਸ ਵਿਚ ਬਦਲਾਂਗਾ। ਇਕ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਮੁੱਖ ਮੁੱਦਾ ਰੁਜ਼ਗਾਰ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੈ। ਉਹਨਾਂ ਕਿਹਾ ਕਿ ਅਰਥਵਿਵਸਥਾ ਪੂਰੀ ਤਰ੍ਹਾਂ ਰੁਕੀ ਹੋਈ ਹੈ, ਉਸ ਨੂੰ ਫਿਰ ਤੋਂ ਚਾਲੂ ਕਰਨਾ ਹੋਵੇਗਾ।
ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦਾ ਇਹ ਚੋਣ ਮਨੋਰਥ ਪੱਤਰ ਦੇਸ਼ ਦੀ ਜਨਤਾ ਨੂੰ ਆਕਰਸ਼ਕ ਅਤੇ ਫਾਇਦੇਮੰਦ ਲਗਦਾ ਹੈ ਜਾਂ ਨਹੀਂ।