
PM ਮੋਦੀ ਅਤੇ ਨੇਪਾਲ ਦੇ PM ਸ਼ੇਰ ਬਹਾਦੁਰ ਦੇਉਬਾ ਨੇ ਜੈਨਗਰ (ਭਾਰਤ) ਤੋਂ ਕੁਰਥਾ (ਨੇਪਾਲ) ਤੱਕ ਯਾਤਰੀ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਨਵੀਂ ਦਿੱਲੀ: ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਸ਼ੁੱਕਰਵਾਰ ਤੋਂ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ ਹਨ, ਇਸ ਦੌਰਾਨ ਸ਼ਨੀਵਾਰ ਨੂੰ ਭਾਰਤ ਅਤੇ ਨੇਪਾਲ ਨੇ ਸਾਂਝੇ ਤੌਰ 'ਤੇ ਕਈ ਸੇਵਾਵਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਜੈਨਗਰ (ਭਾਰਤ) ਤੋਂ ਕੁਰਥਾ (ਨੇਪਾਲ) ਤੱਕ ਯਾਤਰੀ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
Nepal PM Sher Bahadur Deuba and PM Narendra Modi
ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਭਾਰਤ ਸਰਕਾਰ ਦੀ ਕ੍ਰੈਡਿਟ ਲਾਈਨ ਦੇ ਤਹਿਤ ਨੇਪਾਲ ਵਿਚ ਸੋਲੂ ਕੋਰੀਡੋਰ 132 ਕੇਵੀ ਪਾਵਰ ਟਰਾਂਸਮਿਸ਼ਨ ਲਾਈਨ ਅਤੇ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਨੇਪਾਲ ਵਿਚ ਭਾਰਤ ਦੇ RuPay ਭੁਗਤਾਨ ਕਾਰਡ ਦੀ ਵੀ ਸ਼ੁਰੂਆਤ ਕੀਤੀ ਗਈ। ਦੋਵਾਂ ਧਿਰਾਂ ਨੇ ਰੇਲਵੇ ਅਤੇ ਊਰਜਾ ਦੇ ਖੇਤਰਾਂ ਵਿਚ ਸਹਿਯੋਗ ਨੂੰ ਵਧਾਉਣ ਲਈ ਚਾਰ ਸਮਝੌਤਿਆਂ 'ਤੇ ਦਸਤਖਤ ਕੀਤੇ, ਜਦਕਿ ਕਈ ਖੇਤਰਾਂ ਵਿਚ ਵਿਆਪਕ ਸਹਿਯੋਗ ਲਈ ਵਚਨਬੱਧਤਾ ਪ੍ਰਗਟਾਈ।
Nepal PM Sher Bahadur Deuba and PM Narendra Modi
ਦੇਉਬਾ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਸਰਹੱਦੀ ਮੁੱਦੇ 'ਤੇ ਦੋਹਾਂ ਦੇਸ਼ਾਂ ਵਿਚਾਲੇ ਚਰਚਾ ਹੋਈ ਅਤੇ ਪੀਐਮ ਮੋਦੀ ਨੂੰ ਦੁਵੱਲੀ ਵਿਵਸਥਾ ਬਣਾ ਕੇ ਇਸ ਨੂੰ ਹੱਲ ਕਰਨ ਦੀ ਅਪੀਲ ਕੀਤੀ। ਮੀਡੀਆ ਨੂੰ ਦਿੱਤੇ ਬਿਆਨ 'ਚ ਪੀਐਮ ਮੋਦੀ ਨੇ ਕਿਹਾ, ''ਭਾਰਤ ਅਤੇ ਨੇਪਾਲ ਦੀ ਦੋਸਤੀ, ਸਾਡੇ ਲੋਕਾਂ ਦੇ ਆਪਸੀ ਰਿਸ਼ਤਿਆਂ ਵਰਗੀ ਮਿਸਾਲ ਦੁਨੀਆਂ 'ਚ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਦੀ। ਸਾਡੀ ਸਭਿਅਤਾ, ਸਾਡੀ ਸੰਸਕ੍ਰਿਤੀ ਪੁਰਾਣੇ ਸਮੇਂ ਤੋਂ ਜੁੜੇ ਹੋਏ ਹਨ। ਅਸੀਂ ਆਦਿ ਕਾਲ ਤੋਂ ਹੀ ਇਕ ਦੂਜੇ ਦੇ ਸੁੱਖ-ਦੁੱਖ ਦੇ ਸਾਥੀ ਰਹੇ ਹਾਂ।”
Nepal PM Sher Bahadur Deuba and PM Narendra Modi
ਉਹਨਾਂ ਕਿਹਾ ਕਿ ਭਾਰਤ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਨੇਪਾਲ ਦੀ ਯਾਤਰਾ ਵਿਚ ਇਕ ਮਜ਼ਬੂਤ ਭਾਈਵਾਲ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਮੋਦੀ ਨੇ ਕਿਹਾ ਕਿ ਦੋਹਾਂ ਪੱਖਾਂ ਵਿਚਾਲੇ ਬਿਜਲੀ ਸਹਿਯੋਗ 'ਤੇ ਸਾਂਝਾ ਬਿਆਨ ਇਸ ਖੇਤਰ 'ਚ ਭਵਿੱਖੀ ਸਹਿਯੋਗ ਦਾ 'ਬਲੂਪ੍ਰਿੰਟ' ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਨੇਪਾਲ ਦੀਆਂ ਪਣਬਿਜਲੀ ਵਿਕਾਸ ਯੋਜਨਾਵਾਂ ਵਿਚ ਭਾਰਤੀ ਕੰਪਨੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਲੈ ਕੇ ਸਮਝੌਤਾ ਹੋਇਆ ਹੈ।
Nepal PM Sher Bahadur Deuba and PM Narendra Modi
ਦੇਉਬਾ ਨੇ ਕਿਹਾ ਕਿ ਭਾਰਤ ਨਾਲ ਨੇਪਾਲ ਦੇ ਸਬੰਧ "ਬਹੁਤ ਮਹੱਤਵਪੂਰਨ" ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਇੱਕ ਉੱਚ ਪੱਧਰੀ ਵਫ਼ਦ ਦੇ ਨਾਲ ਤਿੰਨ ਦਿਨਾਂ ਦੌਰੇ 'ਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚੇ। ਕਾਠਮੰਡੂ 'ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਪਿਛਲੇ ਸਾਲ ਜੁਲਾਈ 'ਚ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਉਬਾ ਦੀ ਇਹ ਪਹਿਲੀ ਦੁਵੱਲੀ ਵਿਦੇਸ਼ ਯਾਤਰਾ ਹੈ।