
ਡਾ. ਮਨਮੋਹਨ ਸਿੰਘ ਸਮੇਤ ਰਾਜ ਸਭਾ ਦੇ 54 ਮੈਂਬਰਾਂ ਦਾ ਕਾਰਜਕਾਲ ਮੰਗਲਵਾਰ ਅਤੇ ਬੁਧਵਾਰ ਨੂੰ ਹੋ ਰਿਹੈ ਖ਼ਤਮ
ਨਵੀਂ ਦਿੱਲੀ: ਚੋਣ ਕਮਿਸ਼ਨ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ 9 ਕੇਂਦਰੀ ਮੰਤਰੀਆਂ ਸਮੇਤ ਘੱਟੋ-ਘੱਟ 54 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਮੰਗਲਵਾਰ ਅਤੇ ਬੁਧਵਾਰ ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਵਿਚੋਂ ਕੁੱਝ ਉੱਚ ਸਦਨ ਵਿਚ ਵਾਪਸ ਨਹੀਂ ਆਉਣਗੇ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ 33 ਸਾਲ ਪੁਰਾਣੀ ਸੰਸਦੀ ਪਾਰੀ ਬੁਧਵਾਰ (3 ਅਪ੍ਰੈਲ) ਨੂੰ ਖਤਮ ਹੋਵੇਗੀ। ਇਹ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਪਹਿਲੀ ਵਾਰ ਉੱਚ ਸਦਨ ’ਚ ਪਹੁੰਚ ਰਹੇ ਹਨ। ਸੋਨੀਆ ਗਾਂਧੀ ਰਾਜਸਥਾਨ ਤੋਂ ਪਹਿਲੀ ਵਾਰ ਉੱਚ ਸਦਨ ’ਚ ਦਾਖਲ ਹੋਣਗੇ।
ਆਰਥਕ ਸੁਧਾਰਾਂ ਦੇ ਨਿਰਮਾਤਾ ਮੰਨੇ ਜਾਣ ਵਾਲੇ 91 ਸਾਲ ਦੇ ਡਾ. ਮਨਮੋਹਨ ਸਿੰਘ ਅਕਤੂਬਰ 1991 ’ਚ ਪਹਿਲੀ ਵਾਰ ਰਾਜ ਸਭਾ ਦੇ ਮੈਂਬਰ ਬਣੇ ਸਨ। ਉਹ 1991 ਤੋਂ 1996 ਤਕ ਨਰਸਿਮਹਾ ਰਾਓ ਦੀ ਸਰਕਾਰ ’ਚ ਵਿੱਤ ਮੰਤਰੀ ਅਤੇ 2004 ਤੋਂ 2014 ਤਕ ਪ੍ਰਧਾਨ ਮੰਤਰੀ ਰਹੇ।
ਉਨ੍ਹਾਂ ਤੋਂ ਇਲਾਵਾ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਸਿਹਤ ਮੰਤਰੀ ਮਨਸੁਖ ਮਾਂਡਵੀਆ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰੀ ਪਰਸ਼ੋਤਮ ਰੁਪਾਲਾ, ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਨਾਰਾਇਣ ਰਾਣੇ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਮੰਗਲਵਾਰ ਨੂੰ ਰਾਜ ਸਭਾ ’ਚ ਅਪਣਾ ਕਾਰਜਕਾਲ ਪੂਰਾ ਕਰ ਲਿਆ।
ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦਾ ਕਾਰਜਕਾਲ ਬੁਧਵਾਰ ਨੂੰ ਖਤਮ ਹੋ ਰਿਹਾ ਹੈ। ਵੈਸ਼ਣਵ ਨੂੰ ਛੱਡ ਕੇ ਇਹ ਸਾਰੇ ਕੇਂਦਰੀ ਮੰਤਰੀ ਲੋਕ ਸਭਾ ਚੋਣਾਂ ਲੜ ਰਹੇ ਹਨ, ਜਿਨ੍ਹਾਂ ਨੂੰ ਉੱਚ ਸਦਨ ਵਿਚ ਇਕ ਹੋਰ ਕਾਰਜਕਾਲ ਨਹੀਂ ਦਿਤਾ ਗਿਆ ਹੈ। ਵੈਸ਼ਣਵ ਅਤੇ ਮੁਰੂਗਨ ਨੂੰ ਰਾਜ ਸਭਾ ’ਚ ਇਕ ਹੋਰ ਕਾਰਜਕਾਲ ਦਿਤਾ ਗਿਆ ਹੈ। ਉੱਚ ਸਦਨ ਦੇ 49 ਮੈਂਬਰ ਮੰਗਲਵਾਰ (2 ਅਪ੍ਰੈਲ) ਨੂੰ ਸੇਵਾਮੁਕਤ ਹੋਏ, ਜਦਕਿ ਪੰਜ ਬੁਧਵਾਰ (3 ਅਪ੍ਰੈਲ) ਨੂੰ ਸੇਵਾਮੁਕਤ ਹੋਣ ਵਾਲੇ ਹਨ।
ਰਾਜ ਸਭਾ ਤੋਂ ਸੇਵਾਮੁਕਤ ਹੋਣ ਵਾਲਿਆਂ ਵਿਚ ਸਮਾਜਵਾਦੀ ਪਾਰਟੀ ਦੀ ਜਯਾ ਬੱਚਨ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਨੇ ਇਕ ਹੋਰ ਕਾਰਜਕਾਲ ਲਈ ਮੁੜ ਨਾਮਜ਼ਦ ਕੀਤਾ ਹੈ। ਮਨੋਜ ਕੁਮਾਰ ਝਾਅ ਨੂੰ ਉਨ੍ਹਾਂ ਦੀ ਪਾਰਟੀ ਕੌਮੀ ਜਨਤਾ ਦਲ ਨੇ ਰਾਜ ਸਭਾ ਦੇ ਇਕ ਹੋਰ ਕਾਰਜਕਾਲ ਲਈ ਬਿਹਾਰ ਤੋਂ ਦੁਬਾਰਾ ਨਾਮਜ਼ਦ ਕੀਤਾ ਹੈ। ਕਾਂਗਰਸ ਦੇ ਨਾਸਿਰ ਹੁਸੈਨ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ, ਜਿਨ੍ਹਾਂ ਨੂੰ ਕਰਨਾਟਕ ਤੋਂ ਦੁਬਾਰਾ ਨਾਮਜ਼ਦ ਕੀਤਾ ਗਿਆ ਹੈ।
ਕਾਂਗਰਸ ਨੇਤਾ ਅਭਿਸ਼ੇਕ ਸਿੰਘਵੀ ਦਾ ਰਾਜ ਸਭਾ ’ਚ ਕਾਰਜਕਾਲ ਵੀ ਅੱਜ ਖਤਮ ਹੋ ਗਿਆ। ਉਹ ਫਿਲਹਾਲ ਉੱਚ ਸਦਨ ’ਚ ਨਹੀਂ ਹੋਣਗੇ ਕਿਉਂਕਿ ਉਹ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਚੋਣ ਹਾਰ ਗਏ ਸਨ।
ਸੇਵਾਮੁਕਤ ਹੋਣ ਵਾਲੇ ਹੋਰ ਲੋਕਾਂ ’ਚ ਭਾਜਪਾ ਦੇ ਕੌਮੀ ਮੀਡੀਆ ਇੰਚਾਰਜ ਅਨਿਲ ਬਲੂਨੀ ਵੀ ਸ਼ਾਮਲ ਹਨ, ਜੋ ਉਤਰਾਖੰਡ ਦੀ ਪੌੜੀ ਗੜ੍ਹਵਾਲ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਜਿਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਨੂੰ ਵੀ ਪਾਰਟੀ ਨੇ ਦੁਬਾਰਾ ਨਾਮਜ਼ਦ ਨਹੀਂ ਕੀਤਾ ਹੈ।