
ਦੇਸ਼ ਦੇ 8 ਸੂਬਿਆਂ ਵਿਚ ਜਾਰੀ ਇਸ ਹੜਤਾਲ ਵਿਚ 130 ਕਿਸਾਨ ਜਥੇਬੰਦੀਆਂ ਸ਼ਾਮਲ ਹਨ
ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ਵਿਚ ਪੈਦਾਵਾਰ ਦੀ ਵਾਜ਼ਿਬ ਕੀਮਤ, ਕਰਜ਼ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅਪਣੇ 10 ਦਿਨਾ ਬਾਈਕਾਟ ਦੇ ਦੂਜੇ ਦਿਨ ਵੀ ਕਿਸਾਨਾਂ ਨੇ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਦੇ ਲੁਧਿਆਣਾ ਵਿਚ ਕਿਸਾਨਾਂ ਨੇ ਸੜਕਾਂ 'ਤੇ ਸਬਜ਼ੀਆਂ ਸੁੱਟ ਦਿਤੀਆਂ ਅਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਦਸ ਦਈਏ ਕਿ ਦੇਸ਼ ਦੇ 8 ਸੂਬਿਆਂ ਵਿਚ ਜਾਰੀ ਇਸ ਹੜਤਾਲ ਵਿਚ 130 ਕਿਸਾਨ ਜਥੇਬੰਦੀਆਂ ਸ਼ਾਮਲ ਹਨ।
protestਕਿਸਾਨਾਂ ਦੇ ਬਾਈਕਾਟ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਵਲੋਂ ਖੇਤੀ ਉਤਪਾਦਾਂ ਦੇ ਬਾਈਕਾਟ ਕਾਰਨ ਸਬਜ਼ੀਆਂ ਆਦਿ ਮਹਿੰਗੀਆਂ ਹੋ ਗਈਆਂ ਹਨ। ਹਰਿਆਣਾ ਦੇ 6800 ਪਿੰਡ ਇਸ ਵਿਚ ਹਿੱਸਾ ਲੈ ਰਹੇ ਹਨ। ਉਥੇ ਮੱਧ ਪ੍ਰਦੇਸ਼ ਦੇ ਮੰਦਸੌਰ, ਨੀਮਚ, ਰਤਲਾਮ ਸਮੇਤ ਕਈ ਜ਼ਿਲ੍ਹਿਆਂ ਵਿਚ ਪ੍ਰਦਰਸ਼ਨ ਨੂੰ ਦੇਖਦੇ ਹੋਏ ਧਾਰਾ 144 ਲਾਗੂ ਕਰ ਦਿਤਾ ਗਿਆ ਹੈ। ਮਹਾਰਾਸ਼ਟਰ ਦਾ ਪੁਣੇ ਅਤੇ ਪੰਜਾਬ ਸੂਬਾ ਵੀ ਇਸ ਅੰਦੋਲਨ ਵਿਚ ਸ਼ਾਮਲ ਹੈ।
Protestਬੀਤੇ ਦਿਨ ਸ਼ੁਕਰਵਾਰ ਨੂੰ ਹੜਤਾਲ ਦੇ ਪਹਿਲੇ ਦਿਨ ਕਿਸਾਨਾਂ ਦਾ ਗੁੱਸਾ ਦੇਖਣ ਨੂੰ ਮਿਲਿਆ। ਕਿਤੇ ਕਿਸਾਨਾਂ ਨੇ ਸੜਕਾਂ ''ਤੇ ਦੁੱਧ ਡੋਲ੍ਹਿਆ ਤਾਂ ਕਿਤੇ ਸੂਬੇ ਵਿਚ ਸਬਜ਼ੀਆਂ ਸੜਕਾਂ 'ਤੇ ਸੁੱਟੀਆਂ ਗਈਆਂ। ਉਥੇ ਦਿੱਲੀ ਦੀ ਓਖਲਾ ਸਬਜ਼ੀ ਮੰਡੀ ਵਿਚ ਆੜ੍ਹਤੀਆਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀ ਕਮੀ ਕਾਰਨ ਮਾਲ ਘੱਟ ਆ ਰਿਹਾ ਹੈ ਅਤੇ ਕੀਮਤਾਂ ਵਧਦੀਆਂ ਜਾ ਰਹੀਆਂ ਹਨ।
Protestਕਿਸਾਨਾਂ ਵਲੋਂ ਇਹ 10 ਦਿਨਾ ਅੰਦੋਲਨ ਸਬਜ਼ੀਆਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਘੱਟੋ ਘੱਟ ਆਮਦਨ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਦੁੱਧ ਦੇ ਭਾਅ ਪਟਰੌਲ ਦੇ ਬਰਾਬਰ ਹੋਣ। ਮੰਡੀਆਂ ਵਿਚ ਸਪਲਾਈ ਠੱਪ ਹੋਣ ਨਾਲ ਸਬਜ਼ੀਆਂ ਦੇ ਭਾਅ ਵਧ ਗਏ ਹਨ। ਪਹਿਲੇ ਦਿਨ ਕਈ ਥਾਵਾਂ 'ਤੇ ਕਿਸਾਨਾਂ ਨੇ ਸੜਕ 'ਤੇ ਦੁੱਧ ਡੋਲ੍ਹਿਆ ਅਤੇ ਟਮਾਟਰ ਸੜਕਾਂ 'ਤੇ ਖਿਲਾਰੇ। ਅੰਦੋਲਨ ਦਾ ਅਸਰ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿਚ ਦੇਖਣ ਨੂੰ ਮਿਲਿਆ।
Protestਪੰਜਾਬ ਦੇ ਫ਼ਰੀਦਕੋਟ ਵਿਚ ਕਿਸਾਨਾਂ ਨੇ ਸਬਜ਼ੀ, ਫ਼ਲ ਅਤੇ ਦੁੱਧ ਦੀ ਸਪਲਾਈ ਰੋਕ ਦਿਤੀ ਹੈ। ਕਿਸਾਨਾਂ ਨੇ ਸਬਜ਼ੀਆਂ ਦੇ ਟਰੱਕਾਂ ਦਾ ਚੱਕਾ ਜਾਮ ਕਰ ਦਿਤਾ। ਲੁਧਿਆਣਾ ਦੇ ਸਮਰਾਲਾ ਵਿਚ ਕਿਸਾਨਾਂ ਨੇ ਦੁੱਧ ਦਾ ਭਰਿਆ ਕੰਟੇਨਰ ਪਲਟ ਦਿਤਾ। ਮਾਛੀਵਾੜਾ ਵਿਚ ਕਿਸਾਨਾਂ ਨੇ ਦੁੱਧ ਦੀ ਸਪਲਾਈ ਨਹੀਂ ਹੋਣ ਦਿਤੀ ਅਤੇ ਜੋ ਵੀ ਦੁੱਧ ਲੈ ਕੇ ਜਾ ਰਿਹਾ ਸੀ, ਉਸ ਦੀ ਗੱਡੀ ਰੋਕ ਕੇ ਦੁੱਧ ਸੜਕਾਂ 'ਤੇ ਵਹਾਅ ਦਿਤਾ।
Protestਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਸਾਨੂੰ ਇਸ ਅੰਦੋਲਨ ਵਿਚ ਕਿਸਾਨ ਭਰਾਵਾਂ ਤੋਂ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ। ਪੰਜਾਬ ਵਿਚ ਜ਼ਿਆਦਾਤਰ ਥਾਵਾਂ 'ਤੇ ਕਿਸਾਨਾਂ ਨੇ ਸ਼ਹਿਰਾਂ ਵਿਚ ਵਿਕਰੀ ਲਈ ਸਬਜ਼ੀਆਂ, ਦੁੱਧ ਅਤੇ ਹੋਰ ਖ਼ੁਰਾਕੀ ਪਦਾਰਥਾਂ ਨੂੰ ਲਿਆਉਣਾ ਬੰਦ ਕਰ ਦਿਤਾ ਹੈ।
Protestਕਿਸਾਨਾਂ ਦੀਆਂ ਮੰਗਾਂ ਹਨ ਕਿ ਦੇਸ਼ ਦੇ ਸਾਰੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਹੋਵੇ, ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਡੇਢ ਗੁਣਾ ਲਾਭਕਾਰੀ ਮੁੱਲ ਮਿਲੇ, ਬੇਹੱਦ ਛੋਟੇ ਕਿਸਾਨ ਜੋ ਅਪਣੇ ਉਤਪਾਦਨ ਵੇਚਣ ਲਈ ਮੰਡੀ ਤਕ ਨਹੀਂ ਪਹੁੰਚ ਪਾਉਂਦੇ, ਉਨ੍ਹਾਂ ਦੇ ਪਰਵਾਰਕ ਗੁਜ਼ਾਰੇ ਲਈ ਉਨ੍ਹਾਂ ਦੀ ਆਮਦਨ ਯਕੀਨੀ ਹੋਵੇ, ਦੁੱਧ, ਫ਼ਲ, ਸਬਜ਼ੀਆਂ ਦਾ ਲਾਗਤ ਦੇ ਆਧਾਰ 'ਤੇ ਡੇਢ ਗੁਣਾ ਲਾਭਕਾਰੀ ਸਮਰਥਨ ਮੁੱਲ ਮਿਲੇ।