
ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਹਿਰਾਸਤ ‘ਚ ਲਿਆ ਗਿਆ ਹੈ।
ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉਹ ਪ੍ਰਾਈਵੇਟ ਹਸਪਤਾਲਾਂ ‘ਚ ਜ਼ਿਆਦਾ ਫੀਸ, ਦਿੱਲੀ ਸਰਕਾਰ ਦੀ ਬਦਇੰਤਜ਼ਾਮੀ ਨੂੰ ਲੈ ਕੇ ਰਾਜਘਾਟ ‘ਚ ਪ੍ਰਦਰਸ਼ਨ ਕਰਨ ਪਹੁੰਚੇ ਸਨ। ਤਿਵਾੜੀ ਨਾਲ ਭਾਜਪਾ ਦੇ ਕੁਝ ਹੋਰ ਮੈਂਬਰਾਂ ਨੂੰ ਵੀ ਹਿਰਾਸਤ ‘ਚ ਲੈ ਕੇ ਬੱਸ ‘ਚ ਬਿਠਾਇਆ ਗਿਆ। ਸਾਰਿਆਂ ਨੂੰ ਰਾਜਿੰਦਰ ਨਗਰ ਥਾਣੇ ਲਿਜਾਇਆ ਗਿਆ।
File photo
ਦਿੱਲੀ ਭਾਜਪਾ ਮੁਖੀ ਨੇ ਹਿਰਾਸਤ ‘ਚ ਲਏ ਜਾਣ ਤੋਂ ਪਹਿਲਾਂ ਮੀਡੀਆ ਨੂੰ ਕਿਹਾ,‘‘ ਪ੍ਰਾਈਵੇਟ ਹਸਪਤਾਲਾਂ ‘ਚ 5 ਲੱਖ ਰੁਪਏ ਜਮ੍ਹਾਂ ਕੀਤੇ ਬਿਨ੍ਹਾਂ ਦਾਖ਼ਲਾ ਨਹੀਂ ਹੈ। ਅਸੀਂ ਇਸ ਦਿੱਲੀ ਦੀ ਕਲਪਨਾ ਨਹੀਂ ਕੀਤੀ ਸੀ। ਪਰੇਸ਼ਾਨੀ ਬਹੁਤ ਹੈ।‘‘ ਕਾਮਿਆਂ ਨੂੰ ਤਨਖ਼ਾਹ ਦੇਣ ਦੀ ਖਾਤਰ ਕੇਂਦਰ ਸਰਕਾਰ ਤੋਂ ਫੰਡ ਮੰਗਣ ‘ਤੇ ਤਿਵਾੜੀ ਨੇ ਕਿਹਾ ਕਿ ਦਿੱਲੀ ਸਰਕਾਰ ਕੋਲ ਇਸ਼ਤਿਹਾਰ ਦੇਣ ਲਈ ਪੈਸੇ ਹਨ ਅਤੇ ਤਨਖ਼ਾਹ ਦੇਣ ਦੇ ਪੈਸੇ ਨਹੀਂ ਹਨ। ਸਰਹੱਦ ਸੀਲ ਕਰਨ ‘ਤੇ ਉਨ੍ਹਾਂ ਕਿਹਾ ਕਿ ਦਿੱਲੀ ਦੀ ਸਾਰੀ ਵਿਵਸਥਾ ਸਿਰਫ਼ ਗੱਲਾਂ ‘ਚ ਰਹਿ ਗਈ ਹੈ, ਜ਼ਮੀਨ ‘ਤੇ ਨਹੀਂ ਹੈ।‘‘
Delhi CM Arvind Kejriwal
ਤਿਵਾੜੀ ਨੇ ਤਾਲਾਬੰਦੀ ਤੋੜਨ ਦੀ ਗੱਲ ਸਿਰੇ ਤੋਂ ਖਾਰਜ ਕੀਤੀ। ਮਾਸਕ ਲਾਏ ਹੋਏ ਤਿਵਾੜੀ ਨੇ ਕਿਹਾ ਕਿ ਅਸੀਂ ਪ੍ਰਦਰਸ਼ ਸਮਾਜਕ ਦੂਰੀ ਨਾਲ ਕਰ ਰਹੇ ਸੀ ਪਰ ਪੁਲਸ ਦਾ ਸਨਮਾਨ ਕਰਦੇ ਹਾਂ। ਉਨ੍ਹਾਂ ਨੇ ਕਿਹਾ,‘‘ਅਸੀਂ ਲੋਕ ਨਿਯਮ-ਕਾਨੂੰਨ ਨਾਲ ਹੀ ਪ੍ਰਦਰਸ਼ਨ ਕਰ ਰਹੇ ਸੀ। ਅਸੀਂ ਸਿਰਫ਼ ਦਿੱਲੀ ਸਰਕਾਰ, ਜੋ ਦਿੱਲੀ ਨਾਲ ਅਨਿਆਂ ਕਰ ਰਹੀ ਹੈ, ਉਸ ਨੂੰ ਜਾਗਰੁਕ ਕਰ ਰਹੇ ਹਾਂ। ਅਸੀਂ ਸਿਰਫ਼ 5-6 ਲੋਕ ਹਾਂ, ਅਸੀਂ ਕੋਈ ਉਲੰਘਣਾ ਨਹੀਂ ਕੀਤੀ।
File photo
ਦੱਸਣਯੋਗ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਅਗਲੇ ਇਕ ਹਫਤੇ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਦਿੱਲੀ ਦੇ ਬਜ਼ਾਰਾਂ ‘ਚ ਓਡ-ਈਵਨ ਵਿਵਸਥਾ ਵੀ ਖਤਮ ਕਰ ਦਿੱਤੀ ਗਈ ਹੈ। ਯਾਨੀ ਹੁਣ ਸਾਰੇ ਬਜ਼ਾਰਾਂ ‘ਚ ਸਾਰੀਆਂ ਦੁਕਾਨਾਂ ਇਕੱਠੇ ਖੋਲ੍ਹੀਆਂ ਜਾ ਸਕਦੀਆਂ ਹਨ। (ਏਜੰਸੀ)