
ਮੁੰਬਈ ਵਿਚ ਭਾਰੀ ਮੀਂਹ ਦੇ ਚਲਦਿਆਂ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਮੀਂਹ ਕਾਰਨ ਮਲਾਡ ਇਲਾਕੇ ਵਿਚ ਦੇਰ ਰਾਤ ਇੱਕ ਕੰਧ ਢਹਿਣ ਨਾਲ 20 ਵਿਅਕਤੀਆਂ ਦੀ ਮੌਤ ਹੋ ਗਈ।
ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਭਾਰੀ ਮੀਂਹ ਦੇ ਚਲਦਿਆਂ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਮੀਂਹ ਕਾਰਨ ਮੁੰਬਈ ਦੇ ਮਲਾਡ ਇਲਾਕੇ ਵਿਚ ਦੇਰ ਰਾਤ ਇੱਕ ਕੰਧ ਢਹਿਣ ਨਾਲ 20 ਵਿਅਕਤੀਆਂ ਦੀ ਮੌਤ ਹੋ ਗਈ। ਜਦ ਕਿ ਕਈ ਹੋਰ ਵਿਅਕਤੀਆਂ ਦੇ ਵੀ ਮਲਬੇ ਹੇਠਾਂ ਦਬੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਬਚਾਅ ਕਾਰਜ ਲਗਾਤਾਰ ਜਾਰੀ ਹਨ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਅੱਜ ਦੇ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।
Wall Collapse in mumbai
ਗ੍ਰੇਟਰ ਮੁੰਬਈ ਨਗਰ ਨਿਗਮ ਨੇ ਇਸ ਘਟਨਾ ਵਿਚ ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਹਨਾਂ ਮੁਤਾਬਕ ਕਰਾਰ ਪਿੰਡ ਵਿਚ ਇੱਕ ਢਲਾਣ ਵਰਗੀ ਪਹਾੜੀ 'ਤੇ ਬਣੀਆਂ ਕੁਝ ਅਸਥਾਈ ਝੁੱਗੀਆਂ 'ਤੇ ਕੰਧ ਡਿੱਗਣ ਨਾਲ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਵਿਅਕਤੀਆਂ ਵਿੱਚ ਦੋ ਬੱਚੇ ਅਤੇ ਇੱਕ ਔਰਤ ਵੀ ਸ਼ਾਮਲ ਹੈ।
ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 5–5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਐ ਕਿ ਮੁੰਬਈ ਵਿਚ ਦੋ ਦਿਨਾਂ ਤੋਂ ਭਾਰੀ ਵਰਖਾ ਜਾਰੀ ਹੈ।
Rain in Mumbai
ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਰੇਲ ਅਤੇ ਸੜਕੀ ਆਵਾਜਾਈ ਵੀ ਜਾਮ ਹੋ ਗਈ ਹੈ। ਨਗਰ ਨਿਗਮ ਦੇ ਕਮਿਸ਼ਨਰ ਪ੍ਰਵੀਨ ਪਰਦੇਸੀ ਦਾ ਕਹਿਣੈ ਕਿ ਦੋ ਦਿਨਾਂ ਵਿਚ 540 ਮਿਲੀਮੀਟਰ ਵਰਖਾ ਹੋਈ, ਜੋ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਵੱਧ ਹੈ। ਇਸ ਕਾਰਨ ਮੁੰਬਈ ਵਿਚ ਹੜ੍ਹ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ ਕਿਉਂਕਿ ਸਮੁੰਦਰ ਵਿਚ 3 ਤੋਂ 4 ਮੀਟਰ ਉਚੀਆਂ ਲਹਿਰਾਂ ਉਠ ਰਹੀਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਪੁਣੇ ਵਿਚ ਵੀ 29 ਜੂਨ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ ਸੀ, ਜਦੋਂ ਕੋਂਢਵਾ ਵਿਖੇ ਕੰਧ ਢਹਿਣ ਨਾਲ 15 ਵਿਅਕਤੀਆਂ ਦੀ ਮੌਤ ਹੋ ਗਈ ਸੀ।