
ਸੁਪਰੀਮ ਕੋਰਟ ਦੀ ਜੱਜ ਜਸਟਿਸ ਇੰਦਰਾ ਬੈਨਰਜੀ ਨੇ ਖੁੱਲ੍ਹੀ ਅਦਾਲਤ 'ਚ ਪ੍ਰਗਟਾਵਾ ਕੀਤਾ ਹੈ ਕਿ ਹੋਟਲ ਰਾਇਅਲ ਪਲਾਜ਼ਾ ਨਾਲ ਸਬੰਧਤ ਇਕ ਮਾਮਲੇ 'ਚ............
ਨਵੀਂ ਦਿੱਲੀ : ਸੁਪਰੀਮ ਕੋਰਟ ਦੀ ਜੱਜ ਜਸਟਿਸ ਇੰਦਰਾ ਬੈਨਰਜੀ ਨੇ ਖੁੱਲ੍ਹੀ ਅਦਾਲਤ 'ਚ ਪ੍ਰਗਟਾਵਾ ਕੀਤਾ ਹੈ ਕਿ ਹੋਟਲ ਰਾਇਅਲ ਪਲਾਜ਼ਾ ਨਾਲ ਸਬੰਧਤ ਇਕ ਮਾਮਲੇ 'ਚ ਉਨ੍ਹਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਬੈਨਰਜੀ ਦੀ ਬੈਂਚ 30 ਅਗੱਸਤ ਨੂੰ ਅਦਾਲਤ ਨੰਬਰ 8 'ਚ ਸੁਣਵਾਈ ਕਰ ਰਹੀ ਸੀ ਜਦੋਂ ਇਹ ਪ੍ਰਗਟਾਵਾ ਕੀਤਾ ਗਿਆ। ਜਸਟਿਸ ਮਿਸ਼ਰਾ ਨੇ ਕਿਹਾ ਕਿ ਜੱਜ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਅਦਾਲਤ ਦੀ ਹੱਤਕ ਹੈ। ਸੀਨੀਅਰ ਵਕੀਲ ਸ਼ਿਆਮ ਦੀਵਾਨ ਨੇ ਜਸਟਿਸ ਬੈਨਰਜੀ ਨੂੰ ਅਪੀਲ ਕੀਤੀ ਕਿ ਉਹ ਸੁਣਵਾਈ ਤੋਂ ਖ਼ੁਦ ਨੂੰ ਵੱਖ ਨਾ ਕਰਨ ਕਿਉਂਕਿ ਇਸ ਦਾ ਦੂਜੇ ਪ੍ਰਯੋਗ ਕਰ ਸਕਦੇ ਹਨ।
Dipak Misra Chief Justice of India
ਜਸਟਿਸ ਬੈਨਰਜੀ ਨੇ ਵੀ ਸੁਣਵਾਈ ਦੌਰਾਨ ਕਿਹਾ ਕਿ ਕਦੇ-ਕਦਾਈਂ ਬਾਰ ਦੇ ਸੀਨੀਅਰ ਮੈਂਬਰ ਵੀ ਮੁਲਾਕਾਤ ਦੌਰਾਨ ਲਟਕਦੇ ਮਾਮਲਿਆਂ 'ਤੇ ਚਰਚਾ ਸ਼ੁਰੂ ਕਰ ਦੇਂਦੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਪ੍ਰਭਾਵਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਵੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੇ ਇਸ ਲਈ ਉਨ੍ਹਾਂ ਨੂੰ ਟੈਲੀਫ਼ੋਨ ਕੀਤਾ ਸੀ। ਹਾਲਾਂਕਿ ਸਪੱਸ਼ਟ ਨਹੀਂ ਕਿ ਫ਼ੋਨ ਕਿਸ ਨੇ ਕੀਤਾ ਸੀ।
ਬੈਂਚ ਨੇ ਇਸ ਤੋਂ ਬਾਅਦ ਮਾਮਲੇ 'ਤੇ ਸੁਣਵਾਈ ਕੀਤੀ ਅਤੇ ਅਪਣਾ ਫ਼ੈਸਲਾ ਬਾਅਦ 'ਚ ਸੁਣਾਉਣ ਦਾ ਐਲਾਨ ਕੀਤਾ। ਜਸਟਿਸ ਬੈਨਰਜੀ ਸੁਪਰੀਮ ਕੋਰਟ 'ਚ ਤਰੱਕੀ ਪ੍ਰਾਪਤ ਹੋਣ ਤੋਂ ਪਹਿਲਾਂ ਮਦਰਾਸ ਹਾਈ ਕੋਰਟ ਦੀ ਚੀਫ਼ ਜਸਟਿਸ ਸਨ। ਉਨ੍ਹਾਂ ਤੋਂ ਇਲਾਵਾ ਜਸਟਿਸ ਵਿਨਨੀਤ ਸਰਨ ਅਤੇ ਜਸਟਿਸ ਕੇ.ਐਮ. ਜੋਸਫ਼ ਨੂੰ ਪਿੱਛੇ ਜਿਹੇ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। (ਪੀਟੀਆਈ)