
ਵੱਡੀ ਗਿਣਤੀ 'ਚ ਕੱਟੇ ਜਾ ਰਹੇ ਨੇ ਚਲਾਨ
ਨਵੀਂ ਦਿੱਲੀ: ਦਿੱਲੀ ਤੋਂ ਆਵਾਜਾਈ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਗੱਡੀ ਚਲਾਉਣ ਵਾਲਿਆਂ ਲਈ ਮਾੜੀ ਖ਼ਬਰ ਆਈ ਹੈ। ਦਿੱਲੀ ਪੁਲਿਸ ਨੇ ਹੁਣ ਟ੍ਰੈਫਿਕ ਨਾਕਿਆਂ ਦੀ ਥਾਂ ਲਾਹਪ੍ਰਵਾਹ ਡਰਾਈਵਰਾਂ ਖਿਲਾਫ਼ ਡਿਜੀਟਲ ਤਕਨੀਕ ਨੂੰ ਵਰਤਣਾ ਸ਼ੁਰੂ ਕਰ ਦਿਤਾ ਹੈ। ਇਸ ਮਕਸਦ ਲਈ ਦਿੱਲੀ ਪੁਲਿਸ ਦੀ ਟ੍ਰੈਫਿਕ ਸ਼ਾਖਾ ਨੇ ਰਾਜਧਾਨੀ ਵਿਚ ਵੱਡੀ ਗਿਣਤੀ ਵਿਚ ਸੀਸੀਟੀਵੀ ਕੈਮਰੇ ਲਾਏ ਹਨ। ਸਾਲ 2019 ਵਿਚ ਸੀਸੀਟੀਵੀ ਕੈਮਰਿਆਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਪਿੱਛੇ ਛਡਦਿਆਂ ਕਈ ਗੁਣਾਂ ਵੱਧ ਚਲਾਨ ਕੱਟ ਦਿਤੇ ਹਨ।
Photo
ਸਾਲ ਭਰ 'ਚ ਚਲਾਨਾਂ ਦਾ ਅੰਕੜਾ 40 ਲੱਖ ਤੋਂ ਪਾਰ : ਸੀਸੀਟੀਵੀ ਕੈਮਰਿਆਂ ਨੇ ਸਾਲ ਭਰ ਅੰਦਰ 5 ਦਸੰਬਰ, 2019 ਤਕ ਕੁੱਲ 41.30 ਲੱਖ ਚਲਾਨ ਕੀਤੇ ਹਨ। ਇਨ੍ਹਾਂ ਵਿਚੋਂ 24 ਲੱਖ 30 ਹਜ਼ਾਰ ਚਲਾਨ ਟ੍ਰੈਫਿਕ ਸਿਗਨਲ ਦੀ ਉਲੰਘਣਾ ਕਰਨ ਵਾਲਿਆਂ ਦੇ ਹਨ। ਜਦੋਂਕਿ ਤੈਅ ਗਤੀ ਨਾਲੋਂ ਤੇਜ਼ ਰਫ਼ਤਾਰ ਨਾਲ ਡਰਾਈਵਿੰਗ ਕਰਨ ਵਾਲਿਆਂ ਦੀ ਗਿਣਤੀ ਵੀ 17 ਲੱਖ ਦੇ ਕਰੀਬ ਹੈ।
Photo
124 ਥਾਵਾਂ 'ਤੇ ਹੈ ਕੈਮਰੇ ਦੀ ਨਜ਼ਰ : ਦਿੱਲੀ ਪੁਲਿਸ ਸੂਤਰਾਂ ਅਨੁਸਾਰ ਇਸ ਸਮੇਂ ਰਾਜਧਾਨੀ ਵਿਚ 124 ਥਾਵਾਂ ਕੈਮਰੇ ਦੀ ਨਜ਼ਰ ਹੇਠ ਹਨ। ਇਨ੍ਹਾਂ ਥਾਵਾਂ 'ਤੇ ਟ੍ਰੈਫਿਕ ਪੁਲਿਸ ਨੇ ਸੀਸੀਟੀਵੀ ਕੈਮਰੇ ਲਾਏ ਹਨ। ਇਨ੍ਹਾਂ ਦੀ ਸਹਾਇਤਾ ਨਾਲ ਚਲਾਨ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਸਿਰਫ਼ 10 ਪੁਆਇੰਟ ਸਨ ਜਿੱਥੇ ਕੈਮਰੇ ਸਨ ਪਰ ਸਾਲ 2019 ਤਕ, 124 ਥਾਵਾਂ 'ਤੇ ਕੈਮਰੇ ਲਾਏ ਜਾ ਚੁੱਕੇ ਹਨ।
Photo
ਕੈਮਰੇ ਰੋਜ਼ਾਨਾ 12 ਤੋਂ 15 ਹਜ਼ਾਰ ਕਰਦੇ ਨੇ ਚਲਾਨ : ਸੀਸੀਟੀਵੀ ਕੈਮਰੇ ਰੋਜ਼ਾਨਾ 12 ਤੋਂ 15 ਹਜ਼ਾਰ ਤਕ ਚਲਾਨ ਕੱਟ ਰਹੇ ਹਨ। ਜਦਕਿ ਦਿੱਲੀ ਪੁਲਿਸ ਦੀ ਟ੍ਰੈਫਿਕ ਬ੍ਰਾਂਚ ਵਿਚ ਤੈਨਾਤ ਮੁਲਾਜ਼ਮ ਰੋਜ਼ਾਨਾ ਕੇਵਲ 5000 ਦੇ ਕਰੀਬ ਚਲਾਨ ਹੀ ਕੱਟ ਰਹੇ ਹਨ।
Photo
ਦਿੱਲੀ ਪੁਲਿਸ ਦੇ ਟ੍ਰੈਫਿਕ ਬ੍ਰਾਂਚ ਵਿਚ ਲਗਪਗ 7000 ਮੁਲਾਜ਼ਮ ਤੈਨਾਤ ਹਨ। ਇਸ ਹਿਸਾਬ ਨਾਲ ਕੈਮਰਿਆਂ ਦੀ ਗਿਣਤੀ ਉਨ੍ਹਾਂ ਨਾਲੋਂ ਕਾਫ਼ੀ ਘੱਟ ਹੋਣ ਦੇ ਬਾਵਜੂਦ ਕੈਮਰੇ ਚਲਾਨ ਕੱਟਣ ਦੇ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਨੂੰ ਮਾਤ ਪਾ ਗਏ ਹਨ।
Photo
ਕਾਬਲੇਗੌਰ ਹੈ ਪਹਿਲਾਂ ਆਵਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ 'ਸ਼ੌਕੀਨ' ਜ਼ਿਆਦਾਤਰ ਲੋਕ ਟ੍ਰੈਫ਼ਿਕ ਪੁਲਿਸ ਨਾਕਿਆਂ 'ਤੇ ਤਾਂ ਆਵਜਾਈ ਨਿਯਮਾਂ ਦੀ ਪਾਲਣਾ ਕਰਦੇ ਨਜ਼ਰ ਆਉਂਦੇ ਸਨ ਪਰ ਜਿਹੜੀਆਂ ਥਾਵਾਂ 'ਤੇ ਮੁਲਾਜ਼ਮ ਤੈਨਾਤ ਨਹੀਂ ਦਿਸਦੇ ਸਨ, ਉਥੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨਾ ਸ਼ੁਰੂ ਕਰ ਦਿੰਦੇ ਸਨ। ਪਰ ਹੁਣ ਅਜਿਹੇ ਡਰਾਈਵਰਾਂ ਦਾ ਕੈਮਰੇ ਦੀ ਨਜ਼ਰ ਤੋਂ ਬਚਣਾ ਮੁਸ਼ਕਲ ਹੋ ਗਿਆ ਹੈ।