
ਹਾਦਸੇ ਵਿਚ ਕਰੀਬ 30 ਲੋਕ ਜ਼ਖ਼ਮੀ
Assam road accident: ਅਸਾਮ ਦੇ ਗੋਲਾਘਾਟ ਜ਼ਿਲ੍ਹੇ 'ਚ ਬੁਧਵਾਰ ਨੂੰ ਕੋਲਾ ਲੈ ਕੇ ਜਾ ਰਹੇ ਇਕ ਟਰੱਕ ਅਤੇ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਗੋਲਾਘਾਟ ਦੇ ਐਸਪੀ ਰਾਜਨ ਸਿੰਘ ਨੇ ਸਮਾਚਾਰ ਏਜੰਸੀ ਨੂੰ ਦਸਿਆ ਕਿ ਇਹ ਹਾਦਸਾ ਅੱਜ ਸਵੇਰੇ ਡੇਰਗਾਂਵ ਨੇੜੇ ਬਲੀਜਾਨ ਵਿਚ ਵਾਪਰਿਆ। 45 ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਹ ਬੱਸ ਅੱਪਰ ਅਸਾਮ ਵੱਲ ਜਾ ਰਹੀ ਸੀ।
ਉਨ੍ਹਾਂ ਕਿਹਾ, ''ਹੁਣ ਤਕ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।'' ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਸਬੰਧੀ ਹੋਰ ਜਾਣਕਾਰੀ ਬਾਅਦ ਵਿਚ ਦਿਤੀ ਜਾਵੇਗੀ।
ਜੋਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਸਪਤਾਲ 'ਚ ਕਰੀਬ 30 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਥਾਨਕ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਅਨੁਸਾਰ ਇਹ ਹਾਦਸਾ ਸਵੇਰੇ 4.30 ਵਜੇ ਦੇ ਕਰੀਬ ਵਾਪਰਿਆ। ਗੋਲਾਘਾਟ ਦੇ ਕਮਰਗਾਂਵ ਤੋਂ ਤਿਨਸੁਕੀਆ ਜ਼ਿਲ੍ਹੇ ਦੇ ਤਿਲਿੰਗਾ ਮੰਦਿਰ ਨੂੰ ਪਿਕਨਿਕ ਲਈ ਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਉਨ੍ਹਾਂ ਕਿਹਾ, "ਟਰੱਕ ਚਾਰ-ਮਾਰਗੀ ਹਾਈਵੇਅ ਦੇ ਨੁਕਸਾਨੇ ਗਏ ਹਿੱਸੇ ਕਾਰਨ ਜੋਰਹਾਟ ਵੱਲ ਗਲਤ ਦਿਸ਼ਾ ਤੋਂ ਆ ਰਿਹਾ ਸੀ, ਜਦਕਿ ਬੱਸ ਸਹੀ ਲੇਨ ਵਿਚ ਸੀ"।