
ਕਿਹਾ, ਅਸੀਂ ਰਾਸ਼ਟਰਪਤੀ ਪ੍ਰਣਾਲੀ ਵਾਂਗ ਕਿਸੇ ਵਿਅਕਤੀ ਨੂੰ ਨਹੀਂ ਚੁਣ ਰਹੇ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਬੁਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਦਲ ਦਾ ਸਵਾਲ ‘ਅਪ੍ਰਸੰਗਿਕ’ ਹੈ ਕਿਉਂਕਿ ਸੰਸਦੀ ਪ੍ਰਣਾਲੀ ’ਚ ਲੋਕ ਕਿਸੇ ਵਿਅਕਤੀ ਨੂੰ ਨਹੀਂ ਸਗੋਂ ਪਾਰਟੀ ਜਾਂ ਪਾਰਟੀਆਂ ਦੇ ਗੱਠਜੋੜ ਨੂੰ ਚੁਣਦੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਬਦਲ ਦੇ ਰੂਪ ’ਚ ਵਿਰੋਧੀ ਧਿਰ ਕੋਲ ਤਜਰਬੇਕਾਰ, ਸਮਰੱਥ ਅਤੇ ਵੰਨ-ਸੁਵੰਨੇ ਨੇਤਾਵਾਂ ਦਾ ਸਮੂਹ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਜਵਾਬਦੇਹ ਹੋਣਗੇ ਨਾ ਕਿ ਨਿੱਜੀ ਹੰਕਾਰ ਤੋਂ। ਉਨ੍ਹਾਂ ਕਿਹਾ, ‘‘ਇਕ ਵਾਰ ਫਿਰ ਇਕ ਪੱਤਰਕਾਰ ਨੇ ਮੈਨੂੰ ਇਕ ਅਜਿਹੇ ਵਿਅਕਤੀ ਦੀ ਪਛਾਣ ਕਰਨ ਲਈ ਕਿਹਾ ਹੈ ਜੋ ਮੋਦੀ ਦਾ ਬਦਲ ਹੋ ਸਕਦਾ ਹੈ। ਇਹ ਸਵਾਲ ਸੰਸਦੀ ਪ੍ਰਣਾਲੀ ’ਚ ਅਪ੍ਰਸੰਗਿਕ ਹੈ।’’
ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਨੇ ਕਿਹਾ, ‘‘ਅਸੀਂ ਕਿਸੇ ਵਿਅਕਤੀ ਨੂੰ (ਰਾਸ਼ਟਰਪਤੀ ਪ੍ਰਣਾਲੀ ਵਾਂਗ) ਨਹੀਂ ਚੁਣ ਰਹੇ, ਬਲਕਿ ਇਕ ਪਾਰਟੀ ਜਾਂ ਪਾਰਟੀਆਂ ਦੇ ਗੱਠਜੋੜ ਨੂੰ ਚੁਣ ਰਹੇ ਹਾਂ। ਇਹ ਗੱਠਜੋੜ ਸਿਧਾਂਤਾਂ ਅਤੇ ਮਜ਼ਬੂਤ ਵਿਸ਼ਵਾਸਾਂ ਦੇ ਸਮੂਹ ਦੀ ਨੁਮਾਇੰਦਗੀ ਕਰਦਾ ਹੈ ਜੋ ਭਾਰਤ ਦੀ ਵੰਨ-ਸੁਵੰਨਤਾ, ਬਹੁਵਾਦ ਅਤੇ ਸਮਾਵੇਸ਼ੀ ਵਿਕਾਸ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਹਨ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਅਤੇ ਵੰਨ-ਸੁਵੰਨਤਾ ਦੀ ਰਾਖੀ ਕਰਨਾ ਸੱਭ ਤੋਂ ਮਹੱਤਵਪੂਰਨ ਹੈ।