
ਧਮਾਕੇ ਵਿਚ ਮਾਉਵਾਦੀਆਂ ਦੀ ਸ਼ਮੂਲੀਅਤ ਦਾ ਸ਼ੱਕ
ਭੁਵਨੇਸ਼ਵਰ : ਓਡੀਸ਼ਾ-ਝਾਰਖੰਡ ਸਰਹੱਦ ਨੇੜੇ ਸੁੰਦਰਗੜ੍ਹ ਜ਼ਿਲ੍ਹੇ ’ਚ ਰੇਲਵੇ ਟਰੈਕ ਉਤੇ ਹੋਏ ਆਈ.ਈ.ਡੀ. ਧਮਾਕੇ ’ਚ ਇਕ ਰੇਲਵੇ ਕਰਮਚਾਰੀ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਇਤੁਆ ਓਰਾਮ ਵਜੋਂ ਹੋਈ ਹੈ, ਜੋ ਭਾਰਤੀ ਰੇਲਵੇ ਵਿਚ ‘ਮੁੱਖ ਵਿਅਕਤੀ’ ਵਜੋਂ ਕੰਮ ਕਰਦਾ ਸੀ।
ਪੁਲਿਸ ਨੂੰ ਧਮਾਕੇ ਵਿਚ ਮਾਉਵਾਦੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ ਕਿਉਂਕਿ ਸੁੰਦਰਗੜ੍ਹ ਜ਼ਿਲ੍ਹੇ ਵਿਚ ਧਮਾਕੇ ਵਾਲੀ ਥਾਂ ਦੇ ਨੇੜੇ ਮਾਉਵਾਦੀ ਪੋਸਟਰ ਮਿਲੇ।
ਇਹ ਧਮਾਕਾ ਬਿਮਲਾਗੜ੍ਹ ਸੈਕਸ਼ਨ ਦੇ ਤਹਿਤ ਕਰਮਪਾੜਾ ਅਤੇ ਰੇਂਜਦਾ ਨੂੰ ਜੋੜਨ ਵਾਲੇ ਰੇਲਵੇ ਟਰੈਕਾਂ ਉਤੇ ਹੋਇਆ। ਟਰੈਕ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਦਖਣੀ ਪੂਰਬੀ ਰੇਲਵੇ ਦੇ ਇਕ ਬੁਲਾਰੇ ਨੇ ਦਸਿਆ ਕਿ ਲੂਪ ਲਾਈਨ ਹੋਣ ਕਾਰਨ ਕਿਸੇ ਵੀ ਮੁਸਾਫ਼ਰ ਰੇਲ ਗੱਡੀ ਦੀ ਆਵਾਜਾਈ ਪ੍ਰਭਾਵਤ ਨਹੀਂ ਹੋਈ।
ਮਾਉਵਾਦੀਆਂ ਨੇ 28 ਜੁਲਾਈ ਤੋਂ 3 ਅਗੱਸਤ ਤਕ ਸ਼ਹੀਦੀ ਹਫ਼ਤਾ ਮਨਾਉਣ ਦਾ ਸੱਦਾ ਦਿਤਾ ਸੀ। ਸਥਾਨਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਧਮਾਕਾ ਸਥਾਨ ਸਰਾਂਦਾ ਜੰਗਲਾਤ ਰੇਂਜ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੁਲਿਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ।
ਇਸ ਦੌਰਾਨ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਧਮਾਕੇ ’ਚ ਰੇਲਵੇ ਕਰਮਚਾਰੀਆਂ ਦੀ ਮੌਤ ਉਤੇ ਦੁੱਖ ਜ਼ਾਹਰ ਕੀਤਾ ਅਤੇ ਉਨ੍ਹਾਂ ਦੇ ਪਰਵਾਰ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। (ਪੀਟੀਆਈ)