
ਭਾਰਤ 2022 ਵਿਚ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ.......
ਨਵੀਂ ਦਿੱਲੀ : ਭਾਰਤ 2022 ਵਿਚ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਹੈ। ਉਸ ਸਾਲ ਦੇਸ਼ ਦੀ ਆਜ਼ਾਦੀ ਦੇ 75 ਸਾਲ ਵੀ ਪੂਰੇ ਹੋ ਰਹੇ ਹਨ। ਜੀ-20 ਸੰਸਾਰ ਦੀਆਂ 20 ਪ੍ਰਮੁੱਖ ਅਰਥ ਵਿਵਸਥਾਵਾਂ ਦਾ ਸਮੂਹ ਹੈ। ਮੋਦੀ ਨੇ ਅਰਜਨਟੀਨਾ ਦੀ ਰਾਜਧਾਨੀ ਵਿਚ ਹੋਏ ਦੋ ਦਿਨਾ ਸੰਮੇਲਨ ਦੇ ਸਮਾਪਤੀ ਸਮਾਗਮ ਵਿਚ ਇਹ ਐਲਾਨ ਕੀਤਾ। ਉਂਜ ਸਾਲ 2022 ਵਿਚ ਜੀ 20 ਸੰਮੇਲਨ ਦੀ ਮੇਜ਼ਬਾਨੀ ਇਟਲੀ ਨੇ ਕਰਨੀ ਸੀ। ਮੋਦੀ ਨੇ ਭਾਰਤ ਨੂੰ ਇਸ ਦੀ ਮੇਜ਼ਬਾਨੀ ਮਿਲਣ ਤੋਂ ਬਾਅਦ ਇਟਲੀ ਦਾ ਧਨਵਾਦ ਕੀਤਾ।
ਨਾਲ ਹੀ ਉਨ੍ਹਾਂ ਜੀ-20 ਸਮੂਹ ਦੇ ਨੇਤਾਵਾਂ ਨੂੰ 2022 ਵਿਚ ਭਾਰਤ ਆਉਣ ਦਾ ਸੱਦਾ ਦਿਤਾ। ਪ੍ਰਧਾਨ ਮੰਤਰੀ ਨੇ ਐਲਾਨ ਤੋਂ ਬਾਅਦ ਟਵੀਟ ਕੀਤਾ ਕਿ ਸਾਲ 2022 ਵਿਚ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਉਸ ਵਿਸ਼ੇਸ਼ ਸਾਲ ਵਿਚ ਭਾਰਤ ਸਿਖਰ ਸੰਮੇਲਨ ਵਿਚ ਸੰਸਾਰ ਦਾ ਸਵਾਗਤ ਕਰਨ ਦੀ ਆਸ ਕਰਦਾ ਹੈ। ਉਨ੍ਹਾਂ ਕਿਹਾ, 'ਭਾਰਤ ਸੰਸਾਰ ਦੀ ਸੱਭ ਤੋਂ ਤੇਜ਼ੀ ਨਾਲ ਉਭਰਦੀ ਅਰਥਵਿਵਸਥਾ ਹੈ। ਭਾਰਤ ਦੇ ਇਤਿਹਾਸ ਨੂੰ ਜਾਣੋ ਅਤੇ ਭਾਰਤ ਦੀ ਗਰਮਜੋਸ਼ੀ ਭਰੀ ਪ੍ਰਾਹੁਣਚਾਰੀ ਦਾ ਆਨੰਦ ਲਉ।'