
10 ਜਨਵਰੀ 2023 ਨੂੰ ਹੋਵੇਗੀ ਮਾਮਲੇ ਦੀ ਸੁਣਵਾਈ
ਰਤਲਾਮ - ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਦੇ ਇੱਕ ਵਿਅਕਤੀ, ਜਿਸ ਨੂੰ ਸਮੂਹਿਕ ਬਲਾਤਕਾਰ ਦੇ ਦੋਸ਼ਾਂ ਵਿਚ ਦੋ ਸਾਲ ਦੀ ਸਜ਼ਾ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਸੀ, ਉਸ ਨੇ ਰਾਜ ਸਰਕਾਰ 'ਤੇ 10,006 ਕਰੋੜ ਰੁਪਏ ਤੋਂ ਵੱਧ ਦੇ ਮੁਆਵਜ਼ੇ ਦਾ ਦਾਅਵਾ ਠੋਕਿਆ ਹੈ।
ਕਾਂਤੂ ਉਰਫ਼ ਕਾਂਤੀਲਾਲ ਭੀਲ (30) ਨੇ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਰਤਲਾਮ ਵਿੱਚ 19 ਦਸੰਬਰ ਨੂੰ ਇਹ ਮੁਆਵਜ਼ੇ ਦਾ ਦਾਅਵਾ ਸੂਬਾ ਸਰਕਾਰ ਦੇ ਨਾਲ-ਨਾਲ ਪੁਲਿਸ ਦੇ ਤਫ਼ਤੀਸ਼ੀ ਅਫ਼ਸਰ ਅਤੇ ਸਹਿਯੋਗੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਪੇਸ਼ ਕੀਤਾ ਹੈ ਅਤੇ ਇਸ ਦੀ ਸੁਣਵਾਈ 10 ਜਨਵਰੀ 2023 ਨੂੰ ਹੋਵੇਗੀ।
ਕਾਂਤੂ ਨੂੰ 23 ਦਸੰਬਰ 2020 ਨੂੰ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਅਦਾਲਤ ਵੱਲੋਂ 20 ਅਕਤੂਬਰ 2022 ਨੂੰ ਸੁਣਵਾਈ ਤੋਂ ਬਾਅਦ ਦੋਸ਼ ਸਾਬਤ ਨਾ ਹੋਣ 'ਤੇ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।
ਉਸ ਨੇ ਦਾਅਵੇ ਵਿੱਚ ਕਿਹਾ ਹੈ ਕਿ ਝੂਠੇ ਕੇਸ ਵਿੱਚ ਜੇਲ੍ਹ ਜਾਣ ਕਾਰਨ ਉਸ ਨੂੰ ਮਾਨਸਿਕ ਪਰੇਸ਼ਾਨੀ ਅਤੇ ਹੋਰ ਸਮੱਸਿਆਵਾਂ ਹੋਈਆਂ, ਅਤੇ ਉਸ ਦਾ ਪਰਿਵਾਰ ਭੁੱਖਮਰੀ ਦੀ ਹਾਲਤ ਵਿੱਚ ਪਹੁੰਚ ਗਿਆ, ਇਸ ਲਈ 10,006.02 ਕਰੋੜ ਰੁਪਏ ਦੇ ਮੁਆਵਜ਼ੇ ਦਾ ਦਾਅਵਾ ਪੇਸ਼ ਕੀਤਾ ਗਿਆ ਹੈ।
ਕਾਂਤੂ ਦੇ ਵਕੀਲ ਵਿਜੇ ਸਿੰਘ ਯਾਦਵ ਨੇ ਦੱਸਿਆ ਕਿ ਰਤਲਾਮ ਜ਼ਿਲੇ ਦੇ ਪਿੰਡ ਘੋੜਾਖੇੜਾ ਨਿਵਾਸੀ ਕਾਂਤੂ ਉਰਫ ਕਾਂਤੀਲਾਲ ਭੀਲ ਅਤੇ ਮਨਾਸਾ ਨਿਵਾਸੀ ਭੇਰੂ ਉਰਫ਼ ਭੇਰੂਸਿੰਘ ਖ਼ਿਲਾਫ਼ ਇੱਕ ਔਰਤ ਨੇ 20 ਜੁਲਾਈ 2018 ਨੂੰ ਥਾਣਾ ਬਾਜਨਾ ਵਿਖੇ ਮਾਮਲਾ ਦਰਜ ਕਰਵਾਇਆ ਸੀ
ਉਸ ਨੇ ਦੱਸਿਆ ਕਿ ਇਸ ਮੁਤਾਬਕ 18 ਜਨਵਰੀ 2018 ਨੂੰ ਕਾਂਤੂ ਉਸ ਨੂੰ ਮੋਟਰਸਾਈਕਲ 'ਤੇ ਉਸ ਦੇ ਭਰਾ ਦੇ ਘਰ ਛੱਡਣ ਲਈ ਕਹਿ ਕੇ ਜੰਗਲ 'ਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਉਸ ਨੂੰ ਭੇਰੂ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਸ ਨੂੰ ਇੰਦੌਰ ਲੈ ਗਿਆ ਅਤੇ ਛੇ ਮਹੀਨੇ ਉਸ ਨਾਲ ਬਲਾਤਕਾਰ ਕਰਦਾ ਰਿਹਾ।
ਯਾਦਵ ਨੇ ਦੱਸਿਆ, "ਔਰਤ ਦੀ ਰਿਪੋਰਟ 'ਤੇ, ਪੁਲਿਸ ਨੇ ਕਾਂਤੂ ਅਤੇ ਭੈਰੂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376ਡੀ, 346 ਅਤੇ 120 ਤਹਿਤ ਮਾਮਲਾ ਦਰਜ ਕਰਕੇ ਕਾਂਤੂ ਨੂੰ 23 ਦਸੰਬਰ 2020 ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਅਦਾਲਤ ਨੇ 20 ਅਕਤੂਬਰ 2022 ਨੂੰ ਸੁਣਵਾਈ ਤੋਂ ਬਾਅਦ ਦੋਸ਼ ਸਾਬਤ ਨਾ ਹੋਣ 'ਤੇ ਕਾਂਤੂ ਅਤੇ ਭੇਰੂ ਦੋਵਾਂ ਨੂੰ ਬਰੀ ਕਰ ਦਿੱਤਾ ਸੀ।"
ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਬਰੀ ਹੋਣ ਤੋਂ ਬਾਅਦ ਕਾਂਤੂ ਨੇ ਕਨੂੰਨੀ ਸਿੱਖਿਆ, ਸਹਾਇਤਾ, ਮੁਫ਼ਤ ਕਨੂੰਨੀ ਸਲਾਹ-ਮਸ਼ਵਰੇ ਅਤੇ ਗ਼ਰੀਬਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਜੈ ਕੁਲਦੇਵੀ ਫ਼ਾਊਂਡੇਸ਼ਨ ਦੇ ਨੁਮਾਇੰਦੇ ਐਡਵੋਕੇਟ ਵਿਜੇ ਸਿੰਘ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਮੁਆਵਜ਼ੇ ਲਈ ਦਾਅਵਾ ਦਾਇਰ ਕੀਤਾ।
ਯਾਦਵ ਨੇ ਕਿਹਾ, "ਦਾਅਵੇ ਵਿੱਚ ਕਿਹਾ ਗਿਆ ਹੈ ਕਿ ਕਾਂਤੂ ਨੂੰ ਝੂਠੇ ਕੇਸ ਵਿੱਚ ਫ਼ਸਾਉਣ ਤੋਂ ਬਾਅਦ ਉਹ ਤਿੰਨ ਸਾਲ ਤੱਕ ਫ਼ਰਾਰ ਰਿਹਾ ਅਤੇ ਲਗਭਗ ਦੋ ਸਾਲ ਤੱਕ ਜੇਲ੍ਹ 'ਚ ਰਿਹਾ। ਬੇਕਸੂਰ ਹੋਣ ਦੇ ਬਾਵਜੂਦ ਵੀ ਉਸ ਨੂੰ ਕਰੀਬ ਦੋ ਸਾਲ ਜੇਲ੍ਹ ਵਿੱਚ ਰਹਿਣਾ ਪਿਆ, ਜਦੋਂ ਕਿ ਉਹ ਵਿਆਹਿਆ ਹੋਇਆ ਹੈ ਅਤੇ ਉਸ ਦਾ ਪਰਿਵਾਰ ਹੈ।"
ਉਸ ਨੇ ਕਿਹਾ, “ਦਾਅਵੇ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਪਰਿਵਾਰ ਵਿੱਚ ਇੱਕ ਬਜ਼ੁਰਗ ਮਾਂ, ਪਤਨੀ ਅਤੇ ਤਿੰਨ ਬੱਚੇ ਹਨ। ਉਨ੍ਹਾਂ ਦੇ ਪਾਲਣ-ਪੋਸ਼ਣ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਉਸ 'ਤੇ ਸੀ। ਉਸ ਦੇ ਜੇਲ੍ਹ ਜਾਣ ਕਾਰਨ ਪਰਿਵਾਰ ਭੁੱਖਮਰੀ ਦੀ ਹਾਲਤ ਵਿੱਚ ਪਹੁੰਚ ਗਿਆ। ਇਸ ਤੋਂ ਇਲਾਵਾ ਉਸ ਨੂੰ ਮਾਨਸਿਕ ਪੀੜ ਵੀ ਹੋਈ। ਇਸ ਲਈ 10,006.02 ਕਰੋੜ ਰੁਪਏ ਦੇ ਮੁਆਵਜ਼ੇ ਦਾ ਦਾਅਵਾ ਦਾਇਰ ਕੀਤਾ ਗਿਆ ਹੈ। ਔਰਤਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਨਾ ਕਰਨ, ਇਸ ਲਈ ਵੀ ਮੁਆਵਜ਼ੇ ਦਾ ਦਾਅਵਾ ਪੇਸ਼ ਕੀਤਾ ਗਿਆ ਹੈ।